Guava Fruit and Leaves for heart and diabetes: ਚੰਗੀ ਸਿਹਤ ਬਣਾਈ ਰੱਖਣ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਖੁਰਾਕ ਵਿੱਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਨਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਉਮਰ ਦੇ ਲੋਕਾਂ ਨੂੰ ਹਰੀਆਂ ਸਬਜ਼ੀਆਂ ਤੇ ਮੌਸਮੀ ਫਲਾਂ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਘੱਟੋ-ਘੱਟ ਇੱਕ ਫਲ ਖਾਣਾ ਚਾਹੀਦਾ ਹੈ। ਇਸ ਲੇਖ ਵਿੱਚ ਅਸੀਂ ਜਿਸ ਫਲ ਬਾਰੇ ਗੱਲ ਕਰਨ ਜਾ ਰਹੇ ਹਾਂ, ਉਸ ਨੂੰ ਕਈ ਤਰੀਕਿਆਂ ਨਾਲ ਸਮੁੱਚੀ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਹੈ। ਉਹ ਫਲ ਅਮਰੂਦ ਹੈ।


ਦਰਅਸਲ ਅਮਰੂਦ ਦਾ ਫਲ ਤਾਂ ਫਾਇਦੇਮੰਦ ਹੁੰਦਾ ਹੀ ਹੈ ਪਰ ਇਸ ਦੇ ਪੱਤਿਆਂ ਦੀ ਵਰਤੋਂ ਕਈ ਸਿਹਤ ਲਾਭਾਂ ਲਈ ਕੀਤੀ ਜਾਂਦੀ ਹੈ। ਅਮਰੂਦ ਦੇ ਫਲ ਤੇ ਪੱਤਿਆਂ ਵਿੱਚ ਵਿਟਾਮਿਨ ਸੀ ਤੇ ਪੋਟਾਸ਼ੀਅਮ ਸਮੇਤ ਪੌਸ਼ਟਿਕ ਤੱਤ ਹੁੰਦੇ ਹਨ, ਜੋ ਤੁਹਾਡੇ ਦਿਲ, ਪਾਚਨ ਤੇ ਹੋਰ ਸਰੀਰਕ ਪ੍ਰਣਾਲੀਆਂ ਦੀ ਸਹਾਇਤਾ ਕਰ ਸਕਦੇ ਹਨ। ਅਮਰੂਦ ਦੀਆਂ ਪੱਤੀਆਂ ਨੂੰ ਹਰਬਲ ਚਾਹ ਵਜੋਂ ਵੀ ਸਾਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ। ਅਮਰੂਦ ਦੇ ਫਲ ਐਂਟੀਆਕਸੀਡੈਂਟਸ, ਵਿਟਾਮਿਨ ਸੀ, ਪੋਟਾਸ਼ੀਅਮ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਦਾ ਨਿਯਮਤ ਸੇਵਨ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।



ਡਾਇਟੀਸ਼ੀਅਨਾਂ ਦਾ ਕਹਿਣਾ ਹੈ ਕਿ ਇਸ ਅਮਰੂਦ 'ਚ ਮੌਜੂਦ ਵਿਟਾਮਿਨ, ਮਿਨਰਲਸ ਤੇ ਐਂਟੀਆਕਸੀਡੈਂਟਸ ਨਾ ਸਿਰਫ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ ਸਗੋਂ ਵਿਟਾਮਿਨ ਸੀ ਨਾਲ ਭਰਪੂਰ ਇਹ ਫਲ ਸਰੀਰ ਦੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਵਿਟਾਮਿਨ ਸੀ ਇੱਕ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਤੇ ਸਰੀਰ ਨੂੰ ਨੁਕਸਾਨਦੇਹ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ, ਜਿਸ ਨਾਲ ਇੰਫਲਾਮੇਸ਼ਨ ਦਾ ਖਤਰਾ ਵੀ ਘਟਨਾ ਹੈ।


ਦਿਲ ਦੀ ਸਿਹਤ ਲਈ ਫਾਇਦੇਮੰਦ
ਅਮਰੂਦ ਨੂੰ ਦਿਲ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ। ਇਹ ਇੱਕ ਅਜਿਹਾ ਫਲ ਹੈ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਕੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਤੋਂ ਬਚਾਉਂਦਾ ਹੈ। ਅਮਰੂਦ ਦਾ ਨਿਯਮਤ ਸੇਵਨ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ। ਫਲ ਦੇ ਨਾਲ ਅਮਰੂਦ ਦੇ ਪੱਤਿਆਂ ਦਾ ਅਰਕ ਵੀ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਲਈ ਫਾਇਦੇਮੰਦ ਪਾਇਆ ਗਿਆ ਹੈ।


ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ
ਅਮਰੂਦ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ। ਕਈ ਟੈਸਟ-ਟਿਊਬ ਤੇ ਜਾਨਵਰਾਂ ਦੇ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਅਮਰੂਦ ਦੇ ਪੱਤਿਆਂ ਦਾ ਅਰਕ ਬਲੱਡ ਸ਼ੂਗਰ ਦੇ ਪੱਧਰ ਨੂੰ ਸੁਧਾਰ ਸਕਦਾ ਹੈ। ਲੰਬੇ ਸਮੇਂ ਲਈ ਸ਼ੂਗਰ ਨੂੰ ਕੰਟਰੋਲ ਕਰ ਸਕਦਾ ਹੈ ਤੇ ਇਨਸੁਲਿਨ ਪ੍ਰਤੀਰੋਧ ਨੂੰ ਬਿਹਤਰ ਬਣਾ ਸਕਦਾ ਹੈ। ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਖਾਣੇ ਤੋਂ ਬਾਅਦ ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ।



ਪਾਚਨ ਲਈ ਫਾਇਦੇਮੰਦ
ਅਮਰੂਦ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਇਹ ਕਬਜ਼ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ ਤੇ ਅੰਤੜੀਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਬੀਜ ਅੰਤੜੀਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ ਤੇ ਚੰਗੇ ਪਾਚਨ ਲਈ ਫਾਇਦੇਮੰਦ ਹੁੰਦੇ ਹਨ। ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਅਮਰੂਦ ਦੇ ਪੱਤਿਆਂ ਦਾ ਅਰਕ ਕੀਟਾਣੂ ਰੋਧੀ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਇਹ ਤੁਹਾਡੇ ਪੇਟ ਵਿੱਚ ਮੌਜੂਦ ਹਾਨੀਕਾਰਕ ਕੀਟਾਣੂਆਂ ਨੂੰ ਘਟਾ ਸਕਦਾ ਹੈ ਜੋ ਦਸਤ ਦਾ ਕਾਰਨ ਬਣਦੇ ਹਨ।


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।