Amazing Health Benefits of Kalonji: ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਦੀਆਂ ਤੋਂ ਕਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਮਸਾਲਿਆਂ ਵਿੱਚ ਔਸ਼ਧੀ ਗੁਣ ਹੁੰਦੇ ਹਨ, ਜੋ ਸਿਹਤ ਲਈ ਵਰਦਾਨ ਸਾਬਤ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਭਾਰਤੀ ਰਸੋਈ 'ਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ। ਰਸੋਈ ਵਿੱਚ ਮੌਜੂਦ ਇੱਕ ਅਜਿਹਾ ਹੀ ਚਮਤਕਾਰੀ ਮਸਾਲਾ ਕਲੌਂਜੀ (Nigella Seeds) ਹੈ। ਇਸ ਦੀ ਵਰਤੋਂ ਕਈ ਪਕਵਾਨਾਂ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। 


ਦਰਅਸਲ ਕਲੌਂਜੀ ਆਪਣੇ ਔਸ਼ਧੀ ਗੁਣਾਂ ਲਈ ਵੀ ਜਾਣੀ ਜਾਂਦੀ ਹੈ। ਇਸ ਨੂੰ ਬ੍ਰੌਨਕਾਈਟਿਸ ਤੋਂ ਦਸਤ ਤੱਕ ਬਹੁਤ ਸਾਰੀਆਂ ਬਿਮਾਰੀਆਂ ਲਈ ਇੱਕ ਉਪਾਅ ਵਜੋਂ ਵਰਤਿਆ ਗਿਆ ਹੈ। ਕਲੌਂਜੀ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਪਾ ਕੇ ਖਾਧਾ ਜਾ ਸਕਦਾ ਹੈ। ਇਸ ਦਾ ਤੇਲ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਲੌਂਜੀ ਖਾਣ ਦੇ 5 ਸ਼ਾਨਦਾਰ ਫਾਇਦਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


1. ਬੈਡ ਕੋਲੈਸਟ੍ਰੋਲ ਤੋਂ ਮਿਲਦੀ ਰਾਹਤ



ਅੱਜ-ਕੱਲ੍ਹ ਹਰ ਉਮਰ ਦੇ ਲੋਕਾਂ ਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਕਲੌਂਜੀ ਨੂੰ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਖਾਸ ਤੌਰ 'ਤੇ ਕਾਰਗਰ ਮੰਨਿਆ ਜਾ ਸਕਦਾ ਹੈ। ਕਈ ਅਧਿਐਨਾਂ ਦੀ ਸਮੀਖਿਆ ਵਿੱਚ ਪਾਇਆ ਗਿਆ ਕਿ ਕਲੌਂਜੀ ਲੈਣ ਨਾਲ ਕੋਲੇਸਟ੍ਰੋਲ ਤੇ ਟ੍ਰਾਈਗਲਾਈਸਰਾਈਡਸ ਦੋਵਾਂ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਕਲੌਂਜੀ ਦੇ ਤੇਲ ਦਾ ਪ੍ਰਭਾਵ ਕਲੌਂਜੀ ਦੇ ਬੀਜ ਪਾਊਡਰ ਦੇ ਮੁਕਾਬਲੇ ਜ਼ਿਆਦਾ ਹੋ ਸਕਦਾ ਹੈ।


2. ਡਾਇਬਟੀਜ਼ ਕੰਟਰੋਲ ਕਰਦੀ



ਕਲੌਂਜੀ ਨੂੰ ਡਾਇਬਟੀਜ਼ ਕੰਟਰੋਲ ਕਰਨ 'ਚ ਵੀ ਕਾਰਗਰ ਮੰਨਿਆ ਜਾਂਦਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਕਲੌਂਜੀ ਦੇ ਬੀਜ ਬਲੱਡ ਸ਼ੂਗਰ ਨੂੰ ਸਥਿਰ ਕਰਨ ਵਿੱਚ ਮਦਦ ਕਰ ਸਕਦੇ ਹਨ। ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਤਿੰਨ ਮਹੀਨਿਆਂ ਤੱਕ ਰੋਜ਼ਾਨਾ ਕਲੌਂਜੀ ਖਾਣ ਨਾਲ ਫਾਸਟਿੰਗ ਬਲੱਡ ਸ਼ੂਗਰ, ਔਸਤ ਬਲੱਡ ਸ਼ੂਗਰ ਤੇ ਇਨਸੁਲਿਨ ਪ੍ਰਤੀਰੋਧ ਵਿੱਚ ਕਾਫ਼ੀ ਕਮੀ ਆਉਂਦੀ ਹੈ। ਇਨ੍ਹਾਂ ਬੀਜਾਂ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੋ ਸਕਦਾ ਹੈ।



3. ਲੀਵਰ ਨੂੰ ਬਿਮਾਰੀਆਂ ਤੋਂ ਬਚਾਉਂਦੀ



ਲੀਵਰ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਤੇ ਪਾਚਨ ਕਿਰਿਆ ਲਈ ਰਸ ਪੈਦਾ ਕਰਦਾ ਹੈ। ਜੇ ਲੀਵਰ ਦੀ ਸਿਹਤ ਠੀਕ ਰਹੇਗੀ ਤਾਂ ਸਰੀਰ ਫਿੱਟ ਰਹੇਗਾ। ਕਲੌਂਜੀ ਨੂੰ ਜਿਗਰ ਲਈ ਰਾਮਬਾਣ ਮੰਨਿਆ ਗਿਆ ਹੈ। ਕਈ ਜਾਨਵਰਾਂ ਦੇ ਅਧਿਐਨਾਂ ਨੇ ਦਿਖਾਇਆ ਹੈ ਕਿ ਕਲੌਂਜੀ ਜਿਗਰ ਨੂੰ ਸੱਟ ਤੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਕਲੌਂਜੀ ਜਿਗਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੋ ਸਕਦੀ ਹੈ।


4. ਢਿੱਡ ਦੀ ਚਰਬੀ ਘਟਾਉਂਦੀ



ਕਲੌਂਜੀ ਭਾਰ ਘਟਾਉਣ ਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਕਲੌਂਜੀ ਦਾ ਪਾਣੀ ਪੀਣ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਤੇ ਭਾਰ ਘਟਾਉਣਾ ਆਸਾਨ ਹੋ ਸਕਦਾ ਹੈ। ਕਲੌਂਜੀ ਦੇ ਬੀਜਾਂ ਦੀ ਵਰਤੋਂ ਮੋਟਾਪੇ ਦੇ ਇਲਾਜ ਵਿਚ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ 'ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਦੇ ਭਾਰ ਨੂੰ ਕੰਟਰੋਲ ਕਰਦੇ ਹਨ ਤੇ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।


5. ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ



ਕਲੌਂਜੀ ਵਿੱਚ ਵੱਡੀ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੇ ਅੰਦਰ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੇ ਹਨ। ਇਹ ਫਰੀ ਰੈਡੀਕਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਕਈ ਟੈਸਟ-ਟਿਊਬ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਕਲੌਂਜੀ ਵਿੱਚ ਪਾਏ ਜਾਣ ਵਾਲੇ ਮਿਸ਼ਰਣਾਂ ਵਿੱਚ ਐਂਟੀ-ਕਾਰਸੀਨੋਜਨਿਕ ਗੁਣ ਹੁੰਦੇ ਹਨ। ਕਲੌਂਜੀ ਤੇ ਇਸ ਦੇ ਤੱਤ ਕਈ ਤਰ੍ਹਾਂ ਦੇ ਕੈਂਸਰ ਦੇ ਵਿਰੁੱਧ ਵੀ ਅਸਰਦਾਰ ਹੋ ਸਕਦੇ ਹਨ। ਹਾਲਾਂਕਿ ਇਸ ਸਬੰਧ ਵਿੱਚ ਹੋਰ ਖੋਜ ਦੀ ਲੋੜ ਹੈ।