Health News: ਕੈਂਸਰ ਇੱਕ ਖ਼ਤਰਨਾਕ ਬਿਮਾਰੀ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਹੋਏ ਤਾਂ ਜਾਨ ਵੀ ਜਾ ਸਕਦੀ ਹੈ। ਆਮ ਤੌਰ 'ਤੇ ਜ਼ਿਆਦਾਤਰ ਲੋਕਾਂ ਨੂੰ ਕੈਂਸਰ ਦੀ ਆਖਰੀ ਸਟੇਜ 'ਤੇ ਪਹੁੰਚਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਹਾਲਾਂਕਿ ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ ਤੇ ਨਿਯਮਿਤ ਤੌਰ 'ਤੇ ਸਰੀਰ ਦੀ ਜਾਂਚ ਕਰਾਉਂਦੇ ਹਨ, ਉਹ ਸ਼ੁਰੂਆਤੀ ਪੜਾਅ 'ਤੇ ਇਸ ਦਾ ਪਤਾ ਲਾ ਸਕਦੇ ਹਨ।
ਚਮੜੀ ਦਾ ਕੈਂਸਰ ਵੱਖ-ਵੱਖ ਕਿਸਮਾਂ ਦੇ ਕੈਂਸਰਾਂ ਵਿੱਚੋਂ ਸਭ ਤੋਂ ਆਮ ਹੁੰਦਾ ਹੈ। ਜੇਕਰ ਇਸ ਬੀਮਾਰੀ ਦਾ ਸ਼ੁਰੂਆਤੀ ਦੌਰ 'ਚ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਚਮੜੀ ਦੇ ਕੈਂਸਰ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਾਇਆ ਜਾਵੇ। ਕਿਸੇ ਵੀ ਬਿਮਾਰੀ ਦਾ ਉਦੋਂ ਹੀ ਪਤਾ ਲਾਇਆ ਜਾ ਸਕਦਾ ਹੈ ਜਦੋਂ ਸਰੀਰ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਪਛਾਣ ਲਿਆ ਜਾਵੇ।
ਡੇਲੀ ਸਟਾਰ ਦੀ ਰਿਪੋਰਟ ਅਨੁਸਾਰ, ਇਸ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ 'ਤੇ ਤਿਲ ਵੀ ਚਮੜੀ ਦੇ ਕੈਂਸਰ ਦਾ ਸੰਕੇਤ ਦੇ ਸਕਦੇ ਹਨ। ਤਿਲ ਚਮੜੀ 'ਤੇ ਦਿਖਾਈ ਦੇਣ ਵਾਲੇ ਰੰਗਦਾਰ ਚਟਾਕ ਹੁੰਦੇ ਹਨ, ਜੋ ਸਰੀਰ ਦੇ ਸੈੱਲਾਂ ਦੇ ਬਣੇ ਹੁੰਦੇ ਹਨ। ਉਂਝ ਜ਼ਿਆਦਾਤਰ ਤਿਲ ਕੈਂਸਰ ਨਹੀਂ ਹੁੰਦੇ ਪਰ ਤਿਲਾਂ ਵਿੱਚ ਤਬਦੀਲੀਆਂ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ।
ਇਸ ਤਰ੍ਹਾਂ ਸ਼ੁਰੂ ਹੁੰਦੇ ਤਿਲ
ਕਈ ਵਾਰ ਇਹ ਤਿਲ ਮੇਲੇਨੋਮਾ ਵਿੱਚ ਵਿਕਸਤ ਹੋ ਜਾਂਦੇ ਹਨ, ਜੋ ਪਿੱਠ, ਚਿਹਰੇ, ਬਾਹਾਂ, ਲੱਤਾਂ ਆਦਿ 'ਤੇ ਦਿਖਾਈ ਦੇ ਸਕਦੇ ਹਨ। ਮੇਲੇਨੋਮਾ ਸ਼ੁਰੂ ਵਿੱਚ ਕਾਲੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦੇ ਸਕਦਾ ਹੈ। ਜਦੋਂ ਤੁਸੀਂ ਤਿਲ ਦੇ ਆਕਾਰ, ਰੰਗ ਜਾਂ ਬਣਤਰ ਵਿੱਚ ਕੋਈ ਅਸਾਧਾਰਨ ਤਬਦੀਲੀ ਦੇਖੋ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਨ੍ਹਾਂ ਤਬਦੀਲੀਆਂ ਨੂੰ ਨਜ਼ਰਅੰਦਾਜ਼ ਨਾ ਕਰੋ
1. ਜਦੋਂ ਤੁਹਾਡੇ ਤਿਲ ਦੇ ਦੋਵੇਂ ਹਿੱਸੇ ਅਲੱਗ-ਅਲੱਗ ਦਿਖਾਈ ਦੇਣ।
2. ਤਿਲ ਦਾ ਕੋਈ ਵੀ ਹਿੱਸਾ ਅਸਧਾਰਨ ਦਿਖਾਈ ਦੇਵੇ।
3. ਤਿਲ ਦਾ ਵੱਖਰਾ ਰੰਗ।
4. ਤਿਲ ਦੇ ਆਕਾਰ ਵਿੱਚ ਅਚਾਨਕ ਤਬਦੀਲੀ ਜਾਂ ਇਸ ਦੀ ਬਣਤਰ ਵਿੱਚ ਤਬਦੀਲੀ।
5. ਲੰਬੇ ਸਮੇਂ ਤੱਕ ਜ਼ਖਮ, ਜੋ ਜਲਦੀ ਠੀਕ ਨਹੀਂ ਹੋਏ।
6. ਤਿਲ ਦੇ ਆਲੇ-ਦੁਆਲੇ ਦੇ ਖੇਤਰ ਦੇ ਰੰਗ ਵਿੱਚ ਤਬਦੀਲੀ।
7. ਤਿਲ ਦੀ ਸੀਮਾ ਤੋਂ ਬਾਹਰ ਚਮੜੀ ਦੀ ਲਾਲੀ ਜਾਂ ਸੋਜ।
8. ਤਿਲਾਂ ਵਿੱਚ ਖੁਜਲੀ ਜਾਂ ਦਰਦ।
9. ਤਿਲਾਂ ਤੋਂ ਤਰਲ ਜਾਂ ਖੂਨ ਨਿਕਲਣਾ।
10. ਅਚਾਨਕ ਗੰਢ ਜਾਂ ਉਭਾਰ ਦਾ ਦਿੱਸਣਾ।