Health Tips: ਪਿੰਡਾਂ ਵਿੱਚ ਰਹਿਣ ਵਾਲਾ ਹੋਏ ਜਾਂ ਕੋਈ ਸ਼ਹਿਰੀ ਮੱਕੀ ਦੀ ਛੱਲੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਅੱਜ-ਕੱਲ੍ਹ ਸ਼ਹਿਰਾਂ ਵਿੱਚ ਸੜਕਾਂ ਤੇ ਗਲੀਆਂ ਕਿਨਾਰੇ ਛੱਲੀਆਂ ਭੁੰਨ੍ਹ ਕੇ ਵੇਚਣ ਵਾਲੇ ਆਮ ਵੇਖੇ ਜਾ ਸਕਦੇ ਹਨ। ਅਸੀਂ ਛੱਲੀਆਂ ਦਾ ਸਵਾਦ ਨਾਲ ਖਾ ਲੈਂਦੇ ਹਾਂ ਪਰ ਇਸ ਦੇ ਵਾਲ ਸੁੱਟ ਦਿੰਦੇ ਹਾਂ। ਇਨ੍ਹਾਂ ਵਾਲਾਂ ਦੀ ਖਾਸੀਅਤ ਜਾਣ ਕੇ ਸ਼ਾਇਦ ਤੁਸੀਂ ਕਦੇ ਵੀ ਅਜਿਹਾ ਨਹੀਂ ਕਰੋਗੇ।


ਦਰਅਸਲ ਲਗਪਗ ਸਾਰਿਆਂ ਦੀ ਇਹ ਆਦਤ ਹੈ ਕਿ ਛੱਲੀ ਖਾਣ ਵੇਲੇ ਇਸ ਦੇ ਕਵਰ ਜਾਂ ਰੇਸ਼ੇ ਭਾਵ ਵਾਲਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਜਿਸ ਰੇਸ਼ੇ ਨੂੰ ਤੁਸੀਂ ਘਾਹ ਜਾਂ ਕੂੜਾ ਸਮਝ ਕੇ ਸੁੱਟ ਦਿੰਦੇ ਹੋ, ਉਹ ਅਸਲ ਵਿੱਚ ਕਿਸੇ ਕੀਮਤੀ ਦਵਾਈ ਤੋਂ ਘੱਟ ਨਹੀਂ ਹੁੰਦੇ।


ਜੀ ਹਾਂ, ਇਨ੍ਹਾਂ ਰੇਸ਼ਿਆਂ ਤੋਂ ਚਾਹ ਬਣਾ ਕੇ ਪੀਣ ਨਾਲ ਤੁਹਾਡੀ ਕਿਡਨੀ ਸਾਲਾਂ ਤੱਕ ਸੁਰੱਖਿਅਤ ਰਹਿੰਦੀ ਹੈ ਤੇ ਇਸ ਦੇ ਨਾਲ ਹੀ ਇਹ ਪੱਥਰੀ ਵਰਗੀਆਂ ਬੀਮਾਰੀਆਂ ਨੂੰ ਵੀ ਨਹੀਂ ਲੱਗਣ ਦਿੰਦੀ। ਆਓ ਜਾਣਦੇ ਹਾਂ ਕਿ ਛੱਲੀ ਦੇ ਰੇਸ਼ਮੀ ਵਾਲਾਂ ਬਾਰੇ ਜਿਨ੍ਹਾਂ ਨੂੰ ਕੌਰਨ ਸਿਲਕ ਵੀ ਕਿਹਾ ਜਾਂਦਾ ਹੈ, ਤੁਹਾਡੀ ਸਿਹਤ ਲਈ ਕਿੰਨੇ ਸਿਹਤਮੰਦ ਸਾਬਤ ਹੋ ਸਕਦੇ ਹਨ।



ਪੱਥਰੀ ਦੀ ਸਮੱਸਿਆ ਦੂਰ ਕਰੇ
ਗੁਰਦੇ ਦੀ ਪੱਥਰੀ ਤੋਂ ਪੀੜਤ ਲੋਕਾਂ ਨੂੰ ਛੱਲੀ ਦੇ ਵਾਲਾ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਗੁਰਦਿਆਂ ਵਿੱਚ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ ਗੁਰਦੇ ਦੀ ਪੱਥਰੀ ਦੇ ਜੋਖਮ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਜੇਕਰ ਕੋਈ ਸਮੱਸਿਆ ਹੋਵੇ ਤਾਂ ਵੀ ਇਹ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਕਿਡਨੀ ਸਟੋਨ ਨੂੰ ਹੌਲੀ-ਹੌਲੀ ਘੁਲ ਕੇ ਬਾਹਰ ਕੱਢ ਦਿੰਦੀ ਹੈ।



ਯੂਟੀਆਈ ਤੋਂ ਛੁਟਕਾਰਾ 
ਛੱਲੀ ਦੇ ਵਾਲਾਂ ਤੋਂ ਬਣੀ ਚਾਹ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਨੂੰ ਪੀਣ ਨਾਲ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਯੂਰਿਨ ਇਨਫੈਕਸ਼ਨ ਦੌਰਾਨ ਹੋਣ ਵਾਲੀ ਜਲਨ ਨੂੰ ਦੂਰ ਕਰਦੀ ਹੈ। ਇਸ ਨੂੰ ਪੀਣ ਨਾਲ ਜ਼ਿਆਦਾ ਪਿਸ਼ਾਬ ਆਉਂਦਾ ਹੈ, ਜਿਸ ਕਾਰਨ ਪਿਸ਼ਾਬ ਦੀ ਨਲੀ 'ਚ ਬੈਕਟੀਰੀਆ ਦਾ ਵਾਧਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਪੀਣ ਨਾਲ ਮਸਾਨੇ ਤੇ ਪਿਸ਼ਾਬ ਨਲੀ ਦੀ ਸੋਜ ਤੋਂ ਵੀ ਰਾਹਤ ਮਿਲਦੀ ਹੈ।



ਭਾਰ ਘਟਾਉਣ ਲਈ ਪ੍ਰਭਾਵਸ਼ਾਲੀ
ਮੱਕੀ ਦੇ ਵਾਲਾਂ ਤੋਂ ਬਣੀ ਚਾਹ ਵਿੱਚ ਵਿਟਾਮਿਨ-ਬੀ ਤੇ ਫਾਈਬਰ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮੱਕੀ ਦੇ ਵਾਲਾਂ ਤੋਂ ਬਣੀ ਚਾਹ ਸਰੀਰ ਵਿੱਚ ਪਾਣੀ ਦੀ ਰੋਕਥਾਮ ਤੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਜਿਸ ਕਾਰਨ ਭਾਰ ਘੱਟ ਹੋ ਜਾਂਦਾ ਹੈ।


ਹਾਈ ਬਲੱਡ ਪ੍ਰੈਸ਼ਰ ਕੰਟਰੋਲ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਛੱਲੀ ਦੇ ਵਾਲਾਂ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।



ਸ਼ੂਗਰ ਦੇ ਮਰੀਜ਼
ਮੱਕੀ ਦੇ ਵਾਲਾਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਤੇ ਖਣਿਜ ਹੁੰਦੇ ਹਨ। ਇਹ ਖੂਨ 'ਚ ਇਨਸੁਲਿਨ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।



ਮੱਕੀ ਦੇ ਵਾਲਾਂ ਦੀ ਚਾਹ ਕਿਵੇਂ ਬਣਾਈਏ
ਮੱਕੀ ਦੇ ਵਾਲ - 1 ਵੱਡਾ ਚਮਚ
ਪਾਣੀ - 1 ਕੱਪ
ਨਿੰਬੂ - ਸੁਆਦ ਅਨੁਸਾਰ
ਵਿਧੀ-
1 ਚਮਚ ਮੱਕੀ ਦੇ ਵਾਲ (ਸੁੱਕੇ ਤੇ ਕੱਟੇ ਹੋਏ) ਨੂੰ ਪਾਣੀ ਵਿੱਚ ਉਬਾਲੋ।
ਜਦੋਂ ਇਹ ਉਬਲ ਜਾਵੇ ਤਾਂ ਪੈਨ ਨੂੰ ਢੱਕ ਦਿਓ।
ਇਸ ਨੂੰ 15 ਤੋਂ 20 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ।
ਫਿਰ ਨਿੰਬੂ ਨਿਚੋੜ ਕੇ ਪੀਓ।