Lung Cancer Non-Smoker: ਸਿਗਰਟ ਤੇ ਬੀੜੀ ਨਾ ਪੀਣ ਵਾਲਿਆਂ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਰਿਹਾ ਹੈ। ਹਾਲ ਹੀ 'ਚ ਹੋਏ ਇੱਕ ਅਧਿਐਨ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਹ ਪਾਇਆ ਗਿਆ ਹੈ ਕਿ ਭਾਰਤ 'ਚ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਜੈਨੇਟਿਕਸ ਵੀ ਹੈ।  ਇਸ ਖੋਜ ਵਿੱਚ ਪਾਇਆ ਗਿਆ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਵੀ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਹਵਾ ਪ੍ਰਦੂਸ਼ਣ ਵੀ ਫੇਫੜਿਆਂ ਦੇ ਕੈਂਸਰ ਦਾ ਇੱਕ ਵੱਡਾ ਕਾਰਨ ਹੈ।


ਭਾਰਤ 'ਚ ਜ਼ਿਆਦਾਤਰ ਪੀੜਤ ਨਹੀਂ ਪੀਂਦੇ ਸਿਗਰਟ


ਖੋਜਕਰਤਾਵਾਂ ਨੇ ਵੱਖ-ਵੱਖ ਤਰ੍ਹਾਂ ਦੇ ਅਧਿਐਨਾਂ ਵਿੱਚ ਪਾਇਆ ਹੈ ਕਿ ਕਿਵੇਂ ਹਵਾ ਪ੍ਰਦੂਸ਼ਣ ਤੇ ਹੋਰ ਵਾਤਾਵਰਣਕ ਕਾਰਕ ਫੇਫੜਿਆਂ ਦੇ ਕੈਂਸਰ ਨੂੰ ਵਧਾ ਰਹੇ ਹਨ। ਦ ਲਾਂਸੇਟ ਦੇ ਕਲੀਨਿਕਲ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਨੇ ਦੱਖਣ-ਪੂਰਬੀ ਏਸ਼ੀਆ ਵਿੱਚ ਉਪਲਬਧ ਅੰਕੜਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਪਾਇਆ ਕਿ ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਜ਼ਿਆਦਾਤਰ ਲੋਕ ਸਿਗਰਟ ਜਾਂ ਬੀੜੀਆਂ ਨਹੀਂ ਪੀਂਦੇ ਹਨ।


ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ ਕਿਹੜੇ ਸ਼ਹਿਰ ਸ਼ਾਮਲ ?


ਇਸ ਅਧਿਐਨ 'ਚ 2022 ਦੀ ਵਿਸ਼ਵ ਹਵਾ ਗੁਣਵੱਤਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਖੋਜਕਰਤਾ ਨੇ ਕਿਹਾ ਕਿ ਦੁਨੀਆ ਦੇ 40 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ 37 ਦੱਖਣੀ ਏਸ਼ੀਆ ਦੇ ਹਨ। ਇਨ੍ਹਾਂ ਵਿਚੋਂ 4 ਇਕੱਲੇ ਭਾਰਤ ਵਿੱਚ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਵਿੱਚ ਫੇਫੜਿਆਂ ਦੇ ਕੈਂਸਰ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ, ਜੋ ਲੋਕ ਸਿਗਰਟ ਨਹੀਂ ਪੀਂਦੇ ਉਨ੍ਹਾਂ ਲਈ ਖਰਾਬ ਹਵਾ ਤੇ ਕਈ ਵਾਤਾਵਰਣਕ ਕਾਰਕ ਕੈਂਸਰ ਦਾ ਕਾਰਨ ਬਣਦੇ ਹਨ।


ਕੁਦਰਤੀ ਆਫ਼ਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਏਸ਼ੀਆ ਵਿੱਚ ਚੀਨ, ਭਾਰਤ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਥਾਈਲੈਂਡ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿੱਚ ਸਾਲ 2020 ਵਿੱਚ ਫੇਫੜਿਆਂ ਦੇ ਕੈਂਸਰ ਦੇ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 9.65 ਲੱਖ ਤੋਂ ਵੱਧ ਹਨ। ਵਿਗਿਆਨੀਆਂ ਨੇ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਹਵਾ ਦੀ ਗੁਣਵੱਤਾ ਵੀ ਵਿਗੜ ਜਾਵੇਗੀ ਅਤੇ ਫੇਫੜਿਆਂ ਦਾ ਕੈਂਸਰ ਤੇਜ਼ੀ ਨਾਲ ਵਧੇਗਾ, ਜੋ ਕਿ ਏਸ਼ੀਆ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।