Health Tips- ਕਈ ਲੋਕ ਦੌੜਦੇ ਸਮੇਂ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਕਰਦੇ ਹਨ। ਦੌੜਨ ਤੋਂ ਬਾਅਦ ਸਾਹ ਚੜ੍ਹਨਾ ਆਮ ਗੱਲ ਹੈ ਪਰ ਕੁਝ ਲੋਕਾਂ ਨੂੰ ਤੁਰਨ ਵੇਲੇ ਵੀ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਪੌੜੀਆਂ ਚੜ੍ਹਨ ਉਤੇ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ।


ਕਿਸੇ ਬਿਮਾਰੀ ਦੀ ਨਿਸ਼ਾਨੀ


ਹੁਣ ਸਵਾਲ ਇਹ ਹੈ ਕਿ ਸਾਹ ਚੜ੍ਹਨਾ ਕਦੋਂ ਆਮ ਹੁੰਦਾ ਹੈ ਅਤੇ ਇਸ ਨੂੰ ਕਦੋਂ ਸਮੱਸਿਆ ਮੰਨਿਆ ਜਾਣਾ ਚਾਹੀਦਾ ਹੈ। ਜੇਕਰ ਥੋੜ੍ਹਾ ਜਿਹਾ ਦੌੜਨ ਤੋਂ ਬਾਅਦ ਵੀ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੁੰਦੀ ਹੈ ਤਾਂ ਇਹ ਕਿਸੇ ਬਿਮਾਰੀ ਦੀ ਨਿਸ਼ਾਨੀ ਹੈ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੌੜਨ ਤੋਂ ਬਾਅਦ ਹਰ ਕਿਸੇ ਨੂੰ ਸਾਹ ਚੜ੍ਹਦਾ ਹੈ, ਪਰ ਕੁਝ ਹੀ ਸਕਿੰਟਾਂ ਵਿਚ ਵਿਅਕਤੀ ਨਾਰਮਲ ਹੋ ਜਾਂਦਾ ਹੈ। ਹਾਲਾਂਕਿ, ਜੇਕਰ ਥੋੜਾ ਜਿਹਾ ਦੌੜਨ ਤੋਂ ਬਾਅਦ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ ਅਤੇ ਇਹ ਸਥਿਤੀ ਕਈ ਮਿੰਟਾਂ ਤੱਕ ਰਹਿੰਦੀ ਹੈ, ਤਾਂ ਇਹ ਫੇਫੜਿਆਂ ਜਾਂ ਦਿਲ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਸਾਹ ਦੀ ਤਕਲੀਫ਼ ਨਾ ਸਿਰਫ਼ ਫੇਫੜਿਆਂ ਬਲਕਿ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਵੀ ਸੰਕੇਤ ਦਿੰਦੀ ਹੈ। ਇਨ੍ਹਾਂ ਦੋਵਾਂ ਦਾ ਪਤਾ ਲਗਾਉਣ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ।



ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ


ਇਸ ਦਾ ਕਾਰਨ ਜਾਣਨ ਲਈ ਪਲਮਨਰੀ ਫੰਕਸ਼ਨ ਟੈਸਟ, ਛਾਤੀ ਦਾ ਐਕਸਰੇ ਜਾਂ ਇਲੈਕਟ੍ਰੋਕਾਰਡੀਓਗ੍ਰਾਫੀ ਕਰਵਾਉਣੀ ਪੈਂਦੀ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਾਹ ਚੜ੍ਹਨ ਦੀ ਸਮੱਸਿਆ ਫੇਫੜਿਆਂ ਨਾਲ ਸਬੰਧਤ ਹੈ, ਪਰ ਇਹ ਕਿਸੇ ਹੋਰ ਬਿਮਾਰੀ ਕਾਰਨ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕੋਈ ਪੁਰਾਣੀ ਬਿਮਾਰੀ ਨਹੀਂ ਹੈ ਅਤੇ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ।


ਪਲਮੋਨੋਲੋਜਿਸਟ ਮੰਨਦੇ ਹਨ ਕਿ ਜੇਕਰ ਕਿਸੇ ਨੂੰ ਸਾਹ ਲੈਣ ਵਿਚ ਤਕਲੀਫ਼ ਫੇਫੜਿਆਂ ਦੇ ਕਾਰਨ ਹੈ, ਤਾਂ ਇਹ ਅਸਥਮਾ, ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਜਾਂ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਦਾ ਸੰਕੇਤ ਹੋ ਸਕਦਾ ਹੈ। ਇਸ ਦਾ ਪਤਾ ਲਗਾਉਣ ਲਈ ਸਪਾਈਰੋਮੈਟਰੀ ਟੈਸਟ ਕੀਤਾ ਜਾਂਦਾ ਹੈ।


ਸਪਾਈਰੋਮੈਟਰੀ ਟੈਸਟ ਰਾਹੀਂ ਫੇਫੜਿਆਂ ਦੀ ਬਿਮਾਰੀ ਹੋਣ ਤੋਂ ਕਈ ਸਾਲ ਪਹਿਲਾਂ ਹੀ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਸਾਰੇ ਲੋਕਾਂ ਨੂੰ ਇਹ ਟੈਸਟ ਹਰ ਦੋ ਸਾਲਾਂ ਵਿਚ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਟੈਸਟ ਦੀ ਕੀਮਤ ਲਗਭਗ 500 ਤੋਂ 1000 ਰੁਪਏ ਹੁੰਦੀ ਹੈ। ਇਸ ਤੋਂ ਇਲਾਵਾ ਕੋਈ ਟੈਸਟ ਆਪਣੇ ਆਪ ਨਾ ਕਰਵਾਓ ਪਹਿਲਾਂ ਡਾਕਟਰ ਦੀ ਸਲਾਹ ਲਓ ਤੇ ਬਾਅਦ ਵਿਚ ਇਹ ਟੈਸਟ ਕਰਵਾਓ।