Symptoms of Heart Attack: ਸਰੀਰ 'ਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਵਧਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕੋਲੈਸਟ੍ਰੋਲ ਸਰੀਰ ਵਿੱਚ ਇੱਕ ਚਰਬੀ ਜਾਂ ਮੋਮ ਵਰਗਾ ਪਦਾਰਥ ਹੁੰਦਾ ਹੈ ਜੋ ਸਰੀਰ ਵਿੱਚ ਸੈੱਲ, ਕੁਝ ਹਾਰਮੋਨਸ ਤੇ ਵਿਟਾਮਿਨ ਡੀ ਬਣਾਉਣ ਲਈ ਜ਼ਰੂਰੀ ਹੁੰਦਾ ਹੈ। ਹਾਈ ਕੋਲੈਸਟ੍ਰੋਲ ਨੂੰ ਵੀ ਸਾਈਲੈਂਟ ਕਿੱਲਰ ਮੰਨਿਆ ਜਾਂਦਾ ਹੈ। ਜੇਕਰ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ 200 ਮਿਲੀਗ੍ਰਾਮ ਪ੍ਰਤੀ ਡੇਸੀ ਲੀਟਰ ਵਧ ਜਾਏ ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਰਹਿੰਦਾ ਹੈ।


ਹਾਈ ਕੋਲੇਸਟ੍ਰੋਲ ਦੇ ਲੱਛਣ 
ਲੋਕ ਹਾਈ ਕੋਲੈਸਟ੍ਰੋਲ ਦੇ ਸ਼ੁਰੂਆਤੀ ਲੱਛਣਾਂ ਨੂੰ ਜਲਦੀ ਪਛਾਣ ਨਹੀਂ ਪਾਉਂਦੇ। ਇਸ ਦੇ ਸ਼ੁਰੂਆਤੀ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਸਰੀਰ 'ਚ ਹੌਲੀ-ਹੌਲੀ ਕੋਲੈਸਟ੍ਰਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਸਾਨੂੰ ਇਸ ਬਾਰੇ ਪਤਾ ਚੱਲਦਾ ਹੈ। ਉਦੋਂ ਤੱਕ ਇਹ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਚੁੱਕਾ ਹੁੰਦਾ ਹੈ। ਹਾਲਾਂਕਿ, ਜੇਕਰ ਧਿਆਨ ਰੱਖਿਆ ਜਾਏ ਤਾਂ ਉੱਚ ਕੋਲੇਸਟ੍ਰੋਲ ਦੇ ਕੁਝ ਲੱਛਣਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। 



1. ਲੱਤਾਂ ਵਿੱਚ ਕੜਵੱਲ ਤੇ ਥਕਾਵਟ
ਕਲੌਡੀਕੇਸ਼ਨ ਘੱਟ ਖੂਨ ਦੇ ਪ੍ਰਵਾਹ ਕਾਰਨ ਹੋਣ ਵਾਲਾ ਦਰਦ ਹੈ, ਜੋ ਉੱਚ ਕੋਲੇਸਟ੍ਰੋਲ ਦੇ ਸਭ ਤੋਂ ਮਹੱਤਵਪੂਰਨ ਲੱਛਣਾਂ ਵਿੱਚੋਂ ਇੱਕ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਦਰਦ, ਕੜਵੱਲ ਤੇ ਥਕਾਵਟ ਹੋਣ ਲੱਗਦੀ ਹੈ। ਹਾਲਾਂਕਿ ਕੁਝ ਦੇਰ ਆਰਾਮ ਕਰਨ ਨਾਲ ਇਹ ਦਰਦ ਠੀਕ ਵੀ ਹੋ ਜਾਂਦਾ ਹੈ। ਕਲੌਡੀਕੇਸ਼ਨ ਦਾ ਦਰਦ ਜ਼ਿਆਦਾਤਰ ਪੱਟਾਂ, ਲੱਤਾਂ, ਕੁੱਲ੍ਹੇ ਤੇ ਪੈਰਾਂ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਪੈਰਾਂ 'ਚ ਪਾਈਆਂ ਜਾਣ ਵਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।


2. ਠੰਢ ਮਹਿਸੂਸ ਹੋਣਾ ਤੇ ਪੈਰ ਕੰਬਣਾ
ਜੇ ਤੁਸੀਂ ਉੱਚ ਤਾਪਮਾਨ ਵਿੱਚ ਵੀ ਤੁਹਾਡੀਆਂ ਲੱਤਾਂ ਵਿੱਚ ਠੰਢ ਤੇ ਕੰਬਣੀ ਮਹਿਸੂਸ ਹੋਏ ਤਾਂ ਇਹ ਪੈਰੀਫਿਰਲ ਆਰਟਰੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ ਸ਼ੁਰੂਆਤ 'ਚ ਤੁਹਾਨੂੰ ਇਸ ਨਾਲ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋ ਸਕਦੀ ਪਰ ਜੇਕਰ ਇਹ ਜ਼ਿਆਦਾ ਦੇਰ ਤੱਕ ਬਣੀ ਰਹੇ ਤਾਂ ਇਹ ਗੰਭੀਰ ਸਮੱਸਿਆ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਓ।



3. ਪੈਰਾਂ ਦੀ ਚਮੜੀ ਦਾ ਰੰਗ ਬਦਲਣਾ
ਕੋਲੈਸਟ੍ਰਾਲ ਜ਼ਿਆਦਾ ਹੋਣ ਕਾਰਨ ਖੂਨ ਦੀਆਂ ਨਾੜੀਆਂ 'ਚ ਪਲੇਕ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਖੂਨ ਦੇ ਪ੍ਰਵਾਹ 'ਚ ਰੁਕਾਵਟ ਆਉਣ ਲੱਗਦੀ ਹੈ। ਅਜਿਹੇ 'ਚ ਜਦੋਂ ਕੁਝ ਥਾਵਾਂ 'ਤੇ ਖੂਨ ਦੀ ਸਪਲਾਈ ਘੱਟ ਹੁੰਦੀ ਹੈ ਤਾਂ ਉੱਥੇ ਚਮੜੀ ਦੇ ਰੰਗ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਆਪਣੇ ਪੈਰਾਂ ਦੀ ਚਮੜੀ ਦੇ ਰੰਗ ਤੇ ਬਣਤਰ ਵਿੱਚ ਕੁਝ ਬਦਲਾਅ ਦੇਖਦੇ ਹੋ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਾਲਾਂਕਿ, ਉੱਚ ਕੋਲੇਸਟ੍ਰੋਲ ਤੋਂ ਇਲਾਵਾ, ਇਸ ਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ।