Sleeping Mistakes: ਚਿਹਰੇ ਨਾਲ ਜੁੜੀਆਂ ਸਮੱਸਿਆਵਾਂ 'ਚ ਮੁਹਾਸੇ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਮੁਹਾਸੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰ ਸਕਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਕੀ ਨਹੀਂ ਕਰਦੇ। ਘਰੇਲੂ ਨੁਸਖਿਆਂ ਤੋਂ ਲੈ ਕੇ ਮਹਿੰਗੇ ਉਤਪਾਦਾਂ ਤੱਕ ਸਭ ਕੁਝ ਅਜ਼ਮਾਉਂਦੇ ਹਾਂ ਪਰ ਫਿਰ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਸਾਡੀਆਂ ਕੁਝ ਬੁਰੀਆਂ ਆਦਤਾਂ ਨਾਲ ਹੀ ਪਿੰਪਲਸ ਹੁੰਦੇ ਹਨ? ਜੀ ਹਾਂ, ਸਾਡੀਆਂ ਸੌਣ ਵੇਲੇ ਕੁਝ ਗਲਤ ਆਦਤਾਂ ਦੇ ਕਾਰਨ ਹੀ ਪਿੰਪਲਸ ਹੁੰਦੇ ਹਨ, ਜੇਕਰ ਅਸੀਂ ਇਨ੍ਹਾਂ ਆਦਤਾਂ ਨੂੰ ਸਹੀ ਸਮੇਂ ਤੇ ਨਹੀਂ ਸੁਧਾਰਿਆ ਤਾਂ ਇਨ੍ਹਾਂ ਦਾ ਖਤਰਾ ਵੀ ਵੱਧ ਸਕਦਾ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਡੇਗਾ ਔਰਗੈਨਿਕਸ ਦੇ ਸੰਸਥਾਪਕ, ਸਕਿਨ ਅਤੇ ਵਾਲਾਂ ਦੀ ਮਾਹਰ ਆਰਤੀ ਰਘੁਰਾਮ ਨੇ ਦੱਸਿਆ ਕਿ ਸੌਣ ਵੇਲੇ ਕੀਤੀਆਂ ਕੁਝ ਗਲਤੀਆਂ ਮੁਹਾਸਿਆਂ ਦਾ ਕਾਰਨ ਬਣ ਸਕਦੀਆਂ ਹਨ ਅਤੇ ਤੁਹਾਡੀ ਸਕਿਨ ਦੀ ਸਥਿਤੀ ਨੂੰ ਵਿਗਾੜ ਸਕਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ, ਜਿਨ੍ਹਾਂ 'ਚ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਤੁਹਾਡੀ ਸਕਿਨ ਚਮਕਦਾਰ ਅਤੇ ਮੁਹਾਸਿਆਂ ਤੋਂ ਮੁਕਤ ਰਹੇ।
ਇਨ੍ਹਾਂ ਆਦਤਾਂ ਨੂੰ ਬਦਲਣ ਦੀ ਲੋੜ
- ਕਈ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਸਿਰਹਾਣੇ ਦੇ ਕਵਰ 'ਤੇ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਗੰਦਗੀ ਹੁੰਦੀ ਹੈ। ਜਦੋਂ ਅਸੀਂ ਇਸ ਗੰਦੇ ਸਿਰਹਾਣੇ 'ਤੇ ਸੌਂਦੇ ਹਾਂ, ਤਾਂ ਇਸ 'ਤੇ ਮੌਜੂਦ ਸਾਰੇ ਗੰਦੇ ਕਣ ਸਾਡੀ ਸਕਿਨ ਵਿਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਮੁਹਾਸੇ ਅਤੇ ਸਕਿਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਹਰ ਹਫ਼ਤੇ ਸਿਰਹਾਣੇ ਦਾ ਕਵਰ ਬਦਲਣਾ ਜ਼ਰੂਰੀ ਹੈ। ਹਰ ਹਫ਼ਤੇ ਆਪਣੇ ਸਿਰਹਾਣੇ ਦਾ ਕਵਰ ਬਦਲੋ। ਸੌਂਦੇ ਸਮੇਂ ਸਕਿਨ 'ਤੇ ਝੁਰੜੀਆਂ ਤੋਂ ਬਚਣ ਲਈ, ਤੁਸੀਂ ਸਿਰਹਾਣੇ 'ਤੇ ਸਿਲਕ ਕਵਰ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਵਧੀਆ ਰਹਿੰਦਾ ਹੈ।
- ਕੁਝ ਕੁੜੀਆਂ ਰਾਤ ਨੂੰ ਮੇਕਅਪ ਨੂੰ ਚਿਹਰੇ ਤੋਂ ਹਟਾਏ ਬਿਨਾਂ ਹੀ ਸੌਂ ਜਾਂਦੀਆਂ ਹਨ, ਕਿਉਂਕਿ ਉਹ ਬਹੁਤ ਥੱਕੀਆਂ ਹੁੰਦੀਆਂ ਹਨ। ਹਾਲਾਂਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣਾ ਮੇਕਅੱਪ ਉਤਾਰ ਲਓ। ਜੇਕਰ ਰਾਤ ਭਰ ਚਿਹਰੇ 'ਤੇ ਮੇਕਅੱਪ ਰਹਿੰਦਾ ਹੈ, ਤਾਂ ਇਹ ਤੁਹਾਡੇ ਪੋਰਸ ਨੂੰ ਬੰਦ ਕਰ ਦੇਵੇਗਾ ਅਤੇ ਮੁਹਾਸਿਆਂ ਦੀ ਵਜ੍ਹਾ ਬਣੇਗਾ। ਲੰਬੇ ਸਮੇਂ ਤੱਕ ਮੇਕਅੱਪ ਦੇ ਨਾਲ ਸੌਣ ਨਾਲ ਤੁਹਾਡੀ ਸਕਿਨ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਸੌਣ ਤੋਂ ਪਹਿਲਾਂ ਮੇਕਅੱਪ ਉਤਾਰ ਕੇ ਸੌਂ ਜਾਓ। ਮੇਕਅੱਪ ਹਟਾਉਣ ਲਈ ਤੁਸੀਂ ਮੇਕਅੱਪ ਰਿਮੂਵਰ ਜਾਂ ਮਾਈਸੇਲਰ ਵਾਟਰ ਦੀ ਵਰਤੋਂ ਕਰ ਸਕਦੇ ਹੋ। ਪਰ ਜੇਕਰ ਤੁਸੀਂ ਰੋਜ਼ਾਨਾ ਹੈਵੀ ਮੇਕਅੱਪ ਕਰਦੇ ਹੋ ਤਾਂ ਡਬਲ ਕਲੀਨਜ਼ਿੰਗ ਮੈਥਡ ਨੂੰ ਅਪਣਾਓ।
- ਵਾਲਾਂ ਵਿੱਚ ਤੇਲ ਲਗਾਉਣਾ ਇੱਕ ਚੰਗੀ ਆਦਤ ਹੈ। ਪਰ ਜੇਕਰ ਤੁਸੀਂ ਤੇਲ ਲਗਾ ਕੇ ਸੌਂਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇਸ ਨਾਲ ਮੁਹਾਸਿਆਂ ਦੀ ਸਮੱਸਿਆ ਹੋ ਸਕਦੀ ਹੈ। ਜਿਹੜੇ ਲੋਕ ਪਹਿਲਾਂ ਹੀ ਮੁਹਾਸਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਖਾਸ ਤੌਰ 'ਤੇ ਉਨ੍ਹਾਂ ਨੂੰ ਵਾਲਾਂ 'ਚ ਤੇਲ ਲਗਾ ਕੇ ਨਹੀਂ ਸੌਣਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰ ਤੇਲ ਸਿਰ ਤੋਂ ਨਿਕਲ ਕੇ ਚਿਹਰੇ 'ਤੇ ਆ ਜਾਂਦਾ ਹੈ, ਇਸ ਨਾਲ ਐਕਸਟ੍ਰਾ ਸੀਬਮ ਬਣਦਾ ਹੈ ਜੋ ਕਿ ਮੁਹਾਸਿਆਂ ਨੂੰ ਜਨਮ ਦੇ ਸਕਦਾ ਹੈ। ਜੇਕਰ ਤੁਸੀਂ ਆਪਣੇ ਵਾਲਾਂ 'ਤੇ ਤੇਲ ਲਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਸ਼ੈਂਪੂ ਕਰਨ ਤੋਂ 2-3 ਘੰਟਿਆਂ ਪਹਿਲਾਂ ਲਗਾਓ ਅਤੇ ਫਿਰ ਵਾਲਾਂ ਨੂੰ ਧੋ ਲਓ।
- ਤੁਸੀਂ ਭਲੇ ਆਪਣੇ ਚਿਹਰੇ ਨੂੰ ਸਾਫ਼ ਰੱਖਣ ਲਈ ਕਲੀਂਜ਼ਰ ਅਤੇ ਮੇਕਅੱਪ ਰਿਮੂਵਰ ਦੀ ਵਰਤੋਂ ਕਰ ਰਹੇ ਹੋਵੋਗੇ ਪਰ ਜੇਕਰ ਤੁਸੀਂ ਗੰਦੇ ਤੌਲੀਏ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਮੁਹਾਸੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਆਪਣਾ ਚਿਹਰਾ ਪੂੰਝਣ ਲਈ ਕਦੇ ਵੀ ਗੰਦੇ ਤੌਲੀਏ ਦੀ ਵਰਤੋਂ ਨਾ ਕਰੋ। ਹਮੇਸ਼ਾ ਸਾਫ਼ ਕੱਪੜੇ ਦੀ ਵਰਤੋਂ ਕਰੋ।
- ਮੁਹਾਸਿਆਂ ਤੋਂ ਬਚਣ ਲਈ, ਸਾਡੇ ਸੌਣ ਦਾ ਪੈਟਰਨ ਵੀ ਮਾਇਨੇ ਰੱਖਦਾ ਹੈ। ਪੇਟ ਦੇ ਭਾਰ ਸੌਂਦੇ ਸਮੇਂ ਸਾਡਾ ਚਿਹਰਾ ਗੰਦੇ ਸਿਰਹਾਣੇ ਜਾਂ ਬੈੱਡਸ਼ੀਟ ਦੇ ਸੰਪਰਕ ਵਿੱਚ ਆਉਂਦਾ ਹੈ। ਰਾਤ ਭਰ ਇਸ ਤਰ੍ਹਾਂ ਸੌਣਾ ਸਕਿਨ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਸਕਿਨ ਅਤੇ ਕਵਰ-ਬੈੱਡਸ਼ੀਟ ਵਿਚਕਾਰ ਲਗਾਤਾਰ ਰਗੜ ਬਣੀ ਰਹਿੰਦੀ ਹੈ। ਜੇਕਰ ਤੁਸੀਂ ਸਿਹਤਮੰਦ ਅਤੇ ਚਮਕਦਾਰ ਸਕਿਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸੌਣ ਦਾ ਇਹ ਤਰੀਕਾ ਜ਼ਰੂਰ ਬਦਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Chanakya Niti: ਜੇਕਰ ਤੁਹਾਡੀ ਵੀ ਹਨ ਆਦਤਾਂ, ਤਾਂ ਤੁਸੀਂ ਹੋ ਸਕਦੇ ਹੋ ਕੰਗਾਲ, ਜਾਣੋ ਇਨ੍ਹਾਂ ਆਦਤਾਂ ਬਾਰੇ