ਬਦਲਦੇ ਮੌਸਮ ਵਿੱਚ ਸਰੀਰ ਨੂੰ ਫਿੱਟ ਰੱਖਣ ਲਈ ਆਪਣੀ ਡਾਇਟ ਵਿੱਚ ਵੀ ਸਿਹਤਮੰਦ ਤਰੀਕੇ ਨਾਲ ਤਬਦੀਲੀ ਲਿਆਉਣੀ ਪੈਂਦੀ ਹੈ। ਖਾਣਾ ਐਸਾ ਹੋਣਾ ਚਾਹੀਦਾ ਹੈ ਜੋ ਪੌਸ਼ਟਿਕ ਹੋਵੇ, ਹਰ ਕਿਸੇ ਲਈ ਫਾਇਦੇਮੰਦ ਹੋਵੇ ਅਤੇ ਆਸਾਨੀ ਨਾਲ ਉਪਲੱਬਧ ਹੋ ਸਕੇ। ਇਸ ਸਮੇਂ ਸਰਦੀਆਂ ਲਗਭਗ ਖਤਮ ਹੋ ਰਹੀਆਂ ਹਨ ਅਤੇ ਗਰਮੀਆਂ ਦੀ ਸ਼ੁਰੂਆਤ ਹੋ ਰਹੀ ਹੈ। ਮੌਸਮ ਜਦੋਂ ਬਦਲਦਾ ਹੈ, ਤਾਂ ਇਸਦਾ ਸਿੱਧਾ ਅਸਰ ਸਾਡੇ ਸਰੀਰ 'ਤੇ ਪੈਂਦਾ ਹੈ। ਜੇਕਰ ਸਰੀਰ ਤੰਦਰੁਸਤ ਹੈ, ਤਾਂ ਬਿਮਾਰ ਹੋਣ ਦੀ ਚਿੰਤਾ ਨਹੀਂ ਰਹਿੰਦੀ, ਪਰ ਜਿਨ੍ਹਾਂ ਦੀ ਰੋਗ-ਪ੍ਰਤੀਰੋਧਕ (Immune system) ਤਾਕਤ ਕਮਜ਼ੋਰ ਹੁੰਦੀ ਹੈ, ਉਹਨਾਂ ਲਈ ਇਹ ਸਮਾਂ ਚੁਣੌਤੀ ਭਰਿਆ ਹੁੰਦਾ ਹੈ। ਜ਼ਿਆਦਾ ਤੇਲ ਵਾਲਾ ਜਾਂ ਗਰਮ ਤਾਸੀਰ ਵਾਲਾ ਖਾਣਾ ਖਾਣ ਨਾਲ ਪੇਟ ਦੀ ਸਿਹਤ ਖਰਾਬ ਹੋ ਸਕਦੀ ਹੈ। ਆਓ ਅਸੀਂ ਤੁਹਾਨੂੰ ਐਸੇ ਸਿਹਤਮੰਦ ਖਾਣ ਪੀਣ ਬਾਰੇ ਦੱਸਦੇ ਹਾਂ ਜੋ ਹਰ ਕਿਸੇ ਲਈ ਲਾਭਕਾਰੀ ਹੋਵੇਗਾ।



ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ?


ਹੈਲਥ ਐਕਸਪਰਟ ਡਾਕਟਰ ਪ੍ਰਤਾਪ ਚੌਹਾਨ ਦੇ ਅਨੁਸਾਰ, ਗਰਮੀਆਂ ਅਤੇ ਧੁੱਪ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਆਪਣੀ ਡਾਇਟ ਵਿੱਚ ਜ਼ਰੂਰੀ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਹਨ। ਇਸ ਸਮੇਂ ਦੀ ਡਾਇਟ ਵਿੱਚ ਪ੍ਰੋਬਾਇਓਟਿਕਸ, ਐਂਟੀਆਕਸੀਡੈਂਟਸ, ਹਾਈਡਰੇਟਿਡ ਫੂਡਜ਼ ਅਤੇ ਹਲਕੇ ਪ੍ਰੋਟੀਨ ਵਾਲੇ ਖਾਣੇ ਸ਼ਾਮਲ ਹੋਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ ਅਤੇ ਰੋਗ-ਪ੍ਰਤੀਰੋਧਕ ਤਾਕਤ ਵੀ ਮਜ਼ਬੂਤ ਬਣਦੀ ਹੈ।


ਇਹ ਹਨ 5 ਸੁਪਰਫੂਡਜ਼



ਨਾਰੀਅਲ ਪਾਣੀ (Coconut Water)


ਨਾਰੀਅਲ ਪਾਣੀ ਗਰਮੀਆਂ ਲਈ ਸਭ ਤੋਂ ਵਧੀਆ ਕੁਦਰਤੀ ਡ੍ਰਿੰਕ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਥਕਾਵਟ ਦੂਰ ਕਰਦਾ ਹੈ ਅਤੇ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ। ਨਾਰੀਅਲ ਪਾਣੀ ਵਿੱਚ ਪੋਟੈਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਹੱਤਵਪੂਰਨ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਸਰੀਰ ਦੇ ਇਲੈਕਟ੍ਰੋਲਾਈਟ ਸੰਤੁਲਨ ਨੂੰ ਬਣਾਈ ਰੱਖਦੇ ਹਨ। ਇਹ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਬਲੱਡ ਪ੍ਰੈਸ਼ਰ ਨਿਯੰਤ੍ਰਿਤ ਕਰਦਾ ਹੈ। ਗਰਮੀ ਵਿੱਚ ਚੱਕਰ ਆਉਣ ਜਾਂ ਸਰੀਰ ਵਿੱਚ ਥਕਾਵਟ ਮਹਿਸੂਸ ਹੋਣ ਤੇ ਨਾਰੀਅਲ ਪਾਣੀ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ। ਇਹ ਸਰੀਰ ਦੀ ਗਰਮੀ ਨੂੰ ਘਟਾਉਂਦਾ ਹੈ ਅਤੇ ਰੋਗ-ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਕਰਦਾ ਹੈ।


ਤਰਬੂਜ (Watermelon)


ਬਾਜ਼ਾਰ ਵਿੱਚ ਇਸ ਸਮੇਂ ਤਰਬੂਜ ਮਿਲਣ ਲੱਗ ਪਏ ਹਨ। ਇਹ ਫਲ ਲਗਭਗ 90% ਪਾਣੀ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡਰੇਟ ਹੋਣ ਤੋਂ ਬਚਾਉਂਦਾ ਹੈ। ਗਰਮੀਆਂ ਵਿੱਚ ਅਕਸਰ ਪਾਚਣ ਦੀ ਸਮੱਸਿਆ ਵੱਧ ਜਾਂਦੀ ਹੈ, ਪਰ ਤਰਬੂਜ ਖਾਣ ਨਾਲ ਇਹ ਸਮੱਸਿਆ ਨਹੀਂ ਹੁੰਦੀ। ਇਹ ਇਮਿਊਨਿਟੀ ਮਜ਼ਬੂਤ ਕਰਦਾ ਹੈ ਅਤੇ ਚਮੜੀ ਨਾਲ ਸੰਬੰਧਤ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਹਰ ਰੋਜ਼ ਤਰਬੂਜ ਖਾਣ ਨਾਲ ਸਰੀਰ ਨੂੰ ਲੋੜੀਂਦੀ ਊਰਜਾ ਮਿਲਦੀ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।



ਖੀਰਾ (Cucumber)


ਖੀਰਾ ਵੀ ਗਰਮੀਆਂ ਵਿੱਚ ਠੰਡਕ ਦੇਣ ਵਾਲਾ ਇਕ ਹੋਰ ਸੁਪਰਫੂਡ ਹੈ, ਜਿਸਨੂੰ ਹਰ ਰੋਜ਼ ਖਾਣਾ ਚਾਹੀਦਾ ਹੈ। ਖੀਰੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਦੇ ਵਿਅਰਥ ਟਾਕਸਿਨਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਖੀਰੇ ਦਾ ਸਲਾਦ, ਰਾਇਤਾ ਜਾਂ ਤਾਜ਼ਾ ਰਸ ਬਣਾ ਕੇ ਪੀਣ ਨਾਲ ਸਰੀਰ ਨੂੰ ਕਾਫ਼ੀ ਲਾਭ ਮਿਲਦਾ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਗਰਮੀ ਤੋਂ ਰਾਹਤ ਦਿੰਦਾ ਹੈ।


ਦਹੀਂ (Curd & Yoghurt)


ਦਹੀਂ ਅਤੇ ਫਲੇਵਰਡ ਯੋਗਰਟ, ਦੋਹਾਂ ਹੀ ਗਰਮੀਆਂ ਵਿੱਚ ਖਾਣ ਲਈ ਬਿਹਤਰੀਨ ਚੋਣ ਹਨ। ਤੁਸੀਂ ਇਹਨਾਂ ਨੂੰ ਰੋਜ਼ਾਨਾ ਖਾ ਸਕਦੇ ਹੋ। ਦਹੀਂ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦੀ ਹੈ, ਜੋ ਪਾਚਨ ਤੰਤਰ ਨੂੰ ਸੁਧਾਰਦੀ ਹੈ। ਇਸ ਵਿੱਚ ਗੁੱਡ ਬੈਕਟੀਰੀਆ ਹੁੰਦੇ ਹਨ, ਜੋ ਅੰਤੜੀਆਂ ਦੀ ਸਿਹਤ ਨੂੰ ਮਜ਼ਬੂਤ ਰੱਖਦੇ ਹਨ। ਦਹੀਂ ਸਰੀਰ ਦਾ ਤਾਪਮਾਨ ਘਟਾਉਂਦੀ ਹੈ ਅਤੇ ਗਰਮੀ ਤੋਂ ਰਾਹਤ ਦਿੰਦੀ ਹੈ। ਦਹੀਂ ਖਾਣ ਦਾ ਸਭ ਤੋਂ ਚੰਗਾ ਸਮਾਂ ਦਿਨ ਦਾ ਸਮਾਂ ਹੁੰਦਾ ਹੈ।


ਨਿੰਬੂ (Lemon)


ਨਿੰਬੂ ਅਤੇ ਹੋਰ ਸਿਟ੍ਰਸ ਫਲ ਜਾਂ ਖੱਟੇ ਫਲ ਇਮਿਊਨਿਟੀ ਅਤੇ ਵਿਟਾਮਿਨ-ਸੀ ਦੇ ਸ਼ਾਨਦਾਰ ਸਰੋਤ ਹਨ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਮੌਸਮੀ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਮਿਲਦੀ ਹੈ। ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਸੋਜ ਘਟਦੀ ਹੈ। ਚਿਹਰੇ 'ਤੇ ਆਉਣ ਵਾਲੇ ਐਕਨੇ, ਪਿੰਪਲ ਅਤੇ ਚਮੜੀ ਦੀ ਸੁੱਕਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਨਿੰਬੂ, ਸੰਤਰਾ ਅਤੇ ਅੰਗੂਰ ਵਰਗੇ ਫਲ ਖਾਣੇ ਲਾਭਕਾਰੀ ਹਨ।