ਚੰਡੀਗੜ੍ਹ: ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਡਬਲਿਯੂਐਚਓ ਵੱਲੋਂ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨਿਆ ਗਿਆ ਹੈ। ਕਈ ਦੇਸ਼ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਸਾਰੇ ਦੇਸ਼ ਇਸ ਨੂੰ ਰੋਕਣ ਲਈ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਲੋਕਾਂ ਦੇ ਮਨਾਂ ਵਿੱਚ ਇੱਕ ਪ੍ਰਸ਼ਨ ਹੈ, ਕੀ ਵਾਇਰਸ ਤੋਂ ਬਚਣ ਲਈ ਮਾਸਕ ਪਹਿਨਣਾ ਜ਼ਰੂਰੀ ਹੈ? ਕੀ ਸਾਰਿਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ? ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਖੁਦ ਸਿਹਤ ਮੰਤਰਾਲੇ ਨੇ ਦੇ ਦਿੱਤੇ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹਰੇਕ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਉਦੋਂ ਮਾਸਕ ਪਹਿਨਣਾ ਜ਼ਰੂਰੀ ਹੁੰਦੇ ਹੈ ਜਦੋਂ….
* ਤੁਸੀਂ ਕਿਸੇ ਕਿਸਮ ਦੇ ਸੰਕਰਮਣ ਦੇ ਸੰਕੇਤ ਦਿਖਾ ਰਹੇ ਹੋ। ਜਿਵੇਂ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ।
* ਇਸ ਤੋਂ ਇਲਾਵਾ, ਜੇ ਤੁਸੀਂ ਕਿਸੇ ਮਰੀਜ਼ ਦੀ ਦੇਖਭਾਲ ਕਰ ਰਹੇ ਹੋ ਜਾਂ ਕੋਰੋਨਾ ਵਾਇਰਸ ਦਾ ਸ਼ੱਕ ਹੈ, ਤਾਂ ਤੁਹਾਨੂੰ ਮਾਸਕ ਪਹਿਨਣਾ ਚਾਹੀਦਾ ਹੈ।
* ਤੁਹਾਡੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ ਭਾਵੇਂ ਤੁਸੀਂ ਸਿਹਤ ਕਰਮਚਾਰੀ ਹੋ।
ਮਾਸਕ ਪਹਿਨਦੇ ਸਮੇਂ ਵਰਤੋ ਇਹ ਸਾਵਧਾਨੀਆਂ
* ਹਰ 6 ਘੰਟੇ ਬਾਅਦ ਮਾਸਕ ਬਦਲੋ। ਗਿੱਲਾ ਹੋਣ 'ਤੇ ਵੀ ਮਾਸਕ ਨੂੰ ਬਦਲਣਾ ਮਹੱਤਵਪੂਰਨ ਹੈ।
* ਮਾਸਕ ਨੂੰ ਇਸ ਤਰ੍ਹਾਂ ਪਹਿਨੋ ਕਿ ਵਿਚਕਾਰ ਕੋਈ ਪਾੜਾ ਨਾ ਹੋਵੇ।
* ਪਹਿਨਣ ਤੋਂ ਬਾਅਦ ਮਾਸਕ ਨੂੰ ਛੂਹਣ ਤੋਂ ਪਰਹੇਜ਼ ਕਰੋ।
* ਕਿਸੇ ਵੀ ਸਥਿਤੀ ਵਿੱਚ ਆਪਣੀ ਗਰਦਨ ਦੇ ਦੁਆਲੇ ਮਾਸਕ ਲਟਕਾਉਣ ਤੋਂ ਬਚੋ।
* ਮਾਸਕ ਹਟਾਉਣ ਤੋਂ ਬਾਅਦ, ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਚੰਗੀ ਤਰ੍ਹਾਂ ਧੋਵੋ।