Symptoms Of Tuberculosis : ਟੀਬੀ ਇੱਕ ਅਜਿਹੀ ਗੰਭੀਰ ਬਿਮਾਰੀ ਹੈ ਜਿਸ ਦੇ ਬਹੁਤ ਸਾਰੇ ਲੋਕ ਸ਼ਿਕਾਰ ਹੋ ਚੁੱਕੇ ਹਨ। ਕਈ ਵਾਰ ਇਸ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ, ਜੋ tuberculosis ਬੈਕਟੀਰੀਆ ਕਰਕੇ ਹੁੰਦੀ ਹੈ। ਟੀ.ਬੀ. ਦੇ ਮਰੀਜ਼ਾਂ ਨੂੰ ਖੰਘਣ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਢੱਕਣਾ ਚਾਹੀਦਾ ਹੈ ਅਤੇ ਭਾਂਡਾ ਜਾਂ ਖਾਣਾ-ਪੀਣਾ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ।


ਟੀਬੀ ਦਾ ਸਭ ਤੋਂ ਵੱਧ ਅਸਰ ਫੇਫੜਿਆਂ 'ਤੇ ਹੁੰਦਾ ਹੈ। ਇਸ ਤੋਂ ਇਲਾਵਾ ਦਿਮਾਗ, ਬੱਚੇਦਾਨੀ, ਮੂੰਹ, ਗਲੇ, ਜਿਗਰ ਅਤੇ ਗੁਰਦੇ ਵਿੱਚ ਵੀ ਟੀਬੀ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਫੇਫੜਿਆਂ ਦਾ ਟੀਬੀ, ਜੋ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਇਹ ਬਿਮਾਰੀ ਪੀੜਤ ਦੇ ਖੰਘਣ ਅਤੇ ਛਿੱਕਣ ਦੌਰਾਨ ਮੂੰਹ ਅਤੇ ਨੱਕ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਨਾਲ ਫੈਲਦੀ ਹੈ। ਇਸ ਤੋਂ ਪੀੜਤ ਮਰੀਜ਼ਾਂ ਨੂੰ ਥੁੱਕਣ ਲਈ ਪਲਾਸਟਿਕ ਦੇ ਥੈਲੀ ਦੀ ਵਰਤੋਂ ਕਰਨੀ ਚਾਹੀਦੀ ਹੈ, ਉਸ ਵਿੱਚ ਫਿਨਾਇਲ ਪਾ ਕੇ, ਕੱਸ ਕੇ ਬੰਦ ਕਰਕੇ ਡਸਟਬਿਨ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਧਰ-ਉਧਰ ਥੁੱਕਣ ਤੋਂ ਬਚਣਾ ਚਾਹੀਦਾ ਹੈ।



ਟੀਬੀ ਦੇ ਲੱਛਣ


ਇਹ ਬਿਮਾਰੀ ਸਭ ਤੋਂ ਵੱਧ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਲੱਛਣ ਖੰਘ ਹੋਣ 'ਤੇ ਨਜ਼ਰ ਆਉਂਦੇ ਹਨ। ਇਸ ਕਾਰਨ ਖੁਸ਼ਕ ਖੰਘ ਦੇ ਨਾਲ-ਨਾਲ ਬਲਗਮ ਅਤੇ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਨੂੰ ਦੋ ਹਫ਼ਤੇ ਜਾਂ ਵੱਧ ਸਮੇਂ ਲਈ ਖੰਘ ਰਹਿੰਦੀ ਹੈ, ਤਾਂ ਟੀਬੀ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ।


ਪਸੀਨਾ ਆਉਣਾ ਟੀਬੀ ਦਾ ਸਭ ਤੋਂ ਆਮ ਲੱਛਣ ਹੈ। ਰਾਤ ਨੂੰ ਸੌਂਦੇ ਸਮੇਂ ਜਾਂ ਕਿਸੇ ਵੀ ਸਮੇਂ ਪਸੀਨਾ ਆਉਣ 'ਤੇ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ।


ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਲਗਾਤਾਰ ਬੁਖਾਰ ਰਹਿੰਦਾ ਹੈ। ਸ਼ੁਰੂ ਵਿਚ ਬੁਖਾਰ ਘੱਟ ਲੈਵਲ ਦਾ ਹੁੰਦਾ ਹੈ। ਇਸ ਤੋਂ ਬਾਅਦ ਜੇਕਰ ਇਨਫੈਕਸ਼ਨ ਹੋਰ ਫੈਲ ਜਾਵੇ ਤਾਂ ਬੁਖਾਰ ਤੇਜ਼ ਹੋ ਜਾਂਦਾ ਹੈ।


ਟੀਬੀ ਦੇ ਮਰੀਜ਼ਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਵਿੱਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਨਹੀਂ ਹੁੰਦੀ। ਅਜਿਹੇ ਮਰੀਜ਼ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨ ਲੱਗਦੇ ਹਨ।


ਟੀਬੀ ਦੀ ਸਮੱਸਿਆ ਕਾਰਨ ਭਾਰ ਲਗਾਤਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਜਿਹੇ ਮਰੀਜ਼ ਭੋਜਨ ਵਿਚ ਵੀ ਦਿਲਚਸਪੀ ਘੱਟ ਰੱਖਣ ਲੱਗ ਪੈਂਦੇ ਹਨ।


ਟੀਬੀ ਕਾਰਨ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਲਗਾਤਾਰ ਖੰਘ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਬਹੁਤ ਜ਼ਿਆਦਾ ਖੰਘ ਨਾਲ ਸਾਹ ਦੀ ਤਕਲੀਫ ਵੀ ਹੋ ਸਕਦੀ ਹੈ।


ਇਹ ਵੀ ਪੜ੍ਹੋ: ALERT! ਰਸੋਈ 'ਚ ਰੱਖਿਆ ਭਾਂਡੇ ਧੋਣ ਵਾਲਾ ਸਕਰੱਬ ਕਰ ਸਕਦਾ ਕਿਡਨੀ ਖਰਾਬ, ਜਾਣੋ ਹੋ ਸਕਦਾ ਕਿੰਨਾ ਖਤਰਨਾਕ


ਬਚਾਅ ਦੇ ਤਰੀਕੇ


BCG ਵੈਕਸੀਨ ਬੱਚਿਆਂ ਨੂੰ ਟੀਬੀ ਤੋਂ ਬਚਾਉਣ ਵਿੱਚ ਮਦਦਗਾਰ ਹੈ। ਇਹ ਟੀਕਾ ਜਨਮ ਸਮੇਂ ਜਾਂ ਬਚਪਨ ਵਿੱਚ ਦਿੱਤਾ ਜਾਂਦਾ ਹੈ।


ਖੰਘਣ ਜਾਂ ਛਿੱਕਣ ਤੋਂ ਬਾਅਦ ਅਤੇ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।


ਮਰੀਜ਼ ਨੂੰ ਹਵਾਦਾਰ ਅਤੇ ਚੰਗੀ ਰੋਸ਼ਨੀ ਵਾਲੇ ਕਮਰੇ ਵਿੱਚ ਰਹਿਣਾ ਚਾਹੀਦਾ ਹੈ।


ਮਾਸਕ ਪਾਓ ਜਾਂ ਕਾਗਜ਼ ਦੇ ਰੁਮਾਲ ਨਾਲ ਮੂੰਹ ਢੱਕੋ।



ਬੀੜੀ, ਸਿਗਰਟ, ਹੁੱਕਾ, ਤੰਬਾਕੂ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰੋ।


ਜੇ ਤੁਹਾਨੂੰ ਇੱਕ ਜਾਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਲਈ ਖੰਘ ਹੈ, ਤਾਂ ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।


ਰੋਜ਼ਾਨਾ ਕਸਰਤ ਅਤੇ ਯੋਗਾ ਕਰੋ। ਪੌਸ਼ਟਿਕ ਭੋਜਨ ਵੀ ਖਾਓ।


ਇਹ ਵੀ ਪੜ੍ਹੋ: ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ