ਲੰਡਨ  : ਪੇਟ ਅਤੇ ਚੰਗੀ ਸਿਹਤ ਵਿਚਾਲੇ ਸਬੰਧ ਨੂੰ ਲੈ ਕੇ ਇਕ ਹੋਰ ਗੱਲ ਸਾਹਮਣੇ ਆਈ ਹੈ। ਇਕ ਖੋਜ ਮੁਤਾਬਕ ਪੇਟ ਦੇ ਨਿਊਰਾਨ ਇਮਿਊਨ ਸੈੱਲਾਂ ਨੂੰ ਸੋਜ਼ਿਸ਼ (ਇੰਫਲੇਮੇਸ਼ਨ) ਕੰਟਰੋਲ ਕਰਨ ਦਾ ਸੰਕੇਤ ਦਿੰਦੇ ਹਨ। ਇੰਫਲੇਮੇਸ਼ਨ ਵਧਣਾ ਹੀ ਕਈ ਬਿਮਾਰੀਆਂ ਦੀ ਵਜ੍ਹਾ ਬਣ ਜਾਂਦਾ ਹੈ।


ਖੋਜਾਰਥੀਆਂ ਮੁਤਾਬਕ ਇਮਿਊਨ ਸਿਸਟਮ (ਰੋਗ ਰੱਖਿਆ ਪ੍ਰਣਾਲੀ) ਬਾਹਰੀ ਖਤਰਿਆਂ ਤੋਂ ਸਰੀਰ ਦੀ ਰੱਖਿਆ ਲਈ ਨਿਗਰਾਨੀ ਰੱਖਦਾ ਹੈ। ਇਸ ਨਿਗਰਾਨੀ ਵਿਚ ਸਾਡਾ ਖਾਣਾ-ਪੀਣਾ ਵੀ ਸ਼ਾਮਲ ਹੈ। ਬਾਹਰੀ ਹਮਲੇ ਤੋਂ ਬਚਣ ਲਈ ਇਮਿਊਨ ਸੈੱਲਾਂ ਦੀ ਸਰਗਰਮੀ ਜਿੰਨੀ ਜ਼ਰੂਰੀ ਹੈ, ਸੈੱਲਾਂ ਦੀ ਸਰਗਰਮੀ ਨੂੰ ਕੰਟਰੋਲ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ।

ਇਨ੍ਹਾਂ ਸੈੱਲਾਂ ਦੀ ਜ਼ਿਆਦਾ ਸਰਗਰਮੀ ਟਿਸ਼ੂ ਨੂੰ ਖਤਰਾ ਵੀ ਪਹੁੰਚਾ ਸਕਦੀ ਹੈ। ਅਮਰੀਕਾ ਦੀ ਰਾਕਫੇਲਰ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਅਧਿਐਨ ਦੌਰਾਨ ਦੇਖਿਆ ਕਿ ਪੇਟ ਵਿਚ ਪਾਏ ਜਾਣ ਵਾਲੇ ਨਿਊਰਾਨ ਪਾਚਨ ਤੰਤਰ ਨਾਲ ਜੁੜੇ ਟਿਸ਼ੂਆਂ ਨੂੰ ਅਜਿਹੇ ਖਤਰੇ ਤੋਂ ਬਚਾਉਂਦੇ ਹਨ। ਇਹ ਖੋਜ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਦੇ ਨਵੇਂ ਰਾਹ ਖੋਲ੍ਹ ਸਕਦੀ ਹੈ।