Stress Buster Tips: ਅੱਜ-ਕੱਲ੍ਹ ਹਰ ਕੋਈ ਵਧਦੇ ਤਣਾਅ ਤੋਂ ਪ੍ਰੇਸ਼ਾਨ ਹੈ। ਦਫ਼ਤਰ 'ਚ ਕੰਮ ਤੇ ਬਿਜਨੈੱਸ ਦੌਰਾਨ ਲੋਕ ਛੋਟੀ ਜਿਹੀ ਗੱਲ 'ਤੇ ਤਣਾਅ 'ਚ ਰਹਿਣ ਲੱਗਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਰੁਟੀਨ 'ਚ ਤਣਾਅ ਵਿੱਚ ਰਹਿੰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਨ ਹੈ। ਤੁਸੀਂ ਆਪਣੀਆਂ ਕੁਝ ਆਦਤਾਂ ਨੂੰ ਬਦਲੋ ਤੇ ਕੁਝ ਨਵੀਆਂ ਚੰਗੀਆਂ ਆਦਤਾਂ ਅਪਣਾਓ, ਜੋ ਤੁਹਾਨੂੰ ਤਣਾਅ ਤੋਂ ਬਚਾਉਣ 'ਚ ਮਦਦ ਕਰਨਗੀਆਂ। ਰੋਜ਼ਾਨਾ ਦੀਆਂ ਇਹ 5 ਚੀਜ਼ਾਂ ਤੁਹਾਡੇ ਲਈ ਤਣਾਅ ਮੁਕਤ ਰਹਿਣ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ -
1. ਤਣਾਅ ਨੂੰ ਹਾਵੀ ਨਾ ਹੋਣ ਦਿਓ
ਤਣਾਅ ਅੱਜ-ਕੱਲ੍ਹ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ ਤੇ ਹਰ ਕੋਈ ਵੱਖ-ਵੱਖ ਤਰ੍ਹਾਂ ਦੇ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਤਣਾਅ 'ਚ ਇਕੱਲੇ ਹੋ। ਦੂਜੀ ਗੱਲ ਇਹ ਧਿਆਨ 'ਚ ਰੱਖੋ ਕਿ ਤੁਸੀਂ ਤਣਾਅ ਬਾਰੇ ਜਿੰਨਾ ਘੱਟ ਸੋਚਦੇ ਹੋ, ਓਨਾ ਹੀ ਵਧੀਆ ਹੈ। ਇਸ ਲਈ ਤੁਹਾਨੂੰ ਖੁਦ ਨੂੰ ਰੁੱਝੇ ਹੋਏ ਰੱਖਣਾ ਵੀ ਜ਼ਰੂਰੀ ਹੈ। ਜਿੰਨਾ ਜ਼ਿਆਦਾ ਖਾਲੀ ਸਮਾਂ ਤੁਹਾਡੇ ਕੋਲ ਹੋਵੇਗਾ, ਤੁਹਾਡੇ ਦਿਮਾਗ 'ਚ ਓਨੇ ਹੀ ਨਕਾਰਾਤਮਕ ਵਿਚਾਰ ਆਉਣਗੇ। ਹੋ ਸਕੇ ਤਾਂ ਆਪਣੇ ਆਪ ਨੂੰ ਕਿਸੇ ਕੰਮ 'ਚ ਲਾ ਲਓ।
2. ਮਨ ਮੁਤਾਬਕ ਕੰਮ ਕਰੋ
ਕਈ ਵਾਰ ਬਿਜ਼ੀ ਰੁਟੀਨ 'ਚ ਜਿਹੜੇ ਸ਼ੌਕ ਹੁੰਦੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸਮਾਂ ਨਹੀਂ ਮਿਲਦਾ ਪਰ ਜੇਕਰ ਤੁਸੀਂ ਤਣਾਅ 'ਚ ਰਹਿੰਦੇ ਹੋ ਤਾਂ ਉਸ ਕੰਮ 'ਚ ਥੋੜ੍ਹਾ ਸਮਾਂ ਜ਼ਰੂਰ ਦਿਓ ਜੋ ਤੁਹਾਡਾ ਪਸੰਦੀਦਾ ਹੈ। ਅਜਿਹਾ ਕਰਨ ਨਾਲ ਦਿਮਾਗ਼ ਰਿਲੈਕਸ ਹੁੰਦਾ ਹੈ ਤੇ ਮਨ ਮੁਤਾਬਕ ਕੰਮ ਕਰਨ 'ਤੇ ਫੀਲ ਗੁੱਡ ਫੈਕਟਰ ਆਉਂਦਾ ਹੈ। ਇਹ ਜ਼ਰੂਰੀ ਨਹੀਂ ਕਿ ਟਿਪੀਕਲ ਕੋਈ ਹੌਬੀ ਹੋਵੇ, ਜੋ ਵੀ ਕੰਮ ਤੁਹਾਨੂੰ ਪਸੰਦ ਹੋਵੇ, ਉਹ ਕਰੋ।
3. ਕਲਟਰ ਨੂੰ ਇਕੱਠਾ ਨਾ ਹੋਣ ਦਿਓ
ਜੇ ਤੁਸੀਂ ਜ਼ਿੰਦਗੀ 'ਚ ਕੁਝ ਤਣਾਅ ਘਟਾਉਣਾ ਚਾਹੁੰਦੇ ਹੋ ਤਾਂ ਘਰ ਤੇ ਦਿਮਾਗ ਦੋਵਾਂ 'ਚ ਕਲਟਰ ਨਾ ਇਕੱਠਾ ਹੋਣ ਦਿਓ। ਦਿਮਾਗ 'ਚ ਜਿਹੜੇ ਵੀ ਫਾਲਤੂ ਵਿਚਾਰ ਆਉਂਦੇ ਹਨ ਤੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ, ਉਨ੍ਹਾਂ ਨੂੰ ਲੌਜੀਕਲ ਰੀਜਨਿੰਗ ਨਾਲ ਸਾਫ਼ ਕਰਦੇ ਰਹੋ। ਜਿੰਨਾ ਦਿਮਾਗ ਸਾਫ਼ ਰਹੇਗਾ, ਓਨਾ ਹੀ ਸੌਖਾ ਹੋਵੇਗਾ। ਇਹੀ ਤਰੀਕਾ ਘਰ 'ਚ ਅਪਣਾਓ। ਘਰ 'ਚ ਜ਼ਿਆਦਾ ਸਾਮਾਨ ਇਕੱਠਾ ਨਾ ਹੋਣ ਦਿਓ। ਘਰ ਨੂੰ ਸਾਫ਼ ਰੱਖਣ ਨਾਲ ਵੀ ਚੰਗਾ ਅਹਿਸਾਸ ਹੁੰਦਾ ਹੈ ਤੇ ਕੰਮ ਦਾ ਦਬਾਅ ਨਹੀਂ ਵਧਦਾ, ਜਿਸ ਨਾਲ ਤਣਾਅ ਘੱਟ ਹੁੰਦਾ ਹੈ।
4. ਯੋਗਾ-ਮੈਡੀਟੇਸ਼ਨ ਬਹੁਤ ਫ਼ਾਇਦੇਮੰਦ
ਜੇਕਰ ਤੁਸੀਂ ਤਣਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਰੁਟੀਨ 'ਚ ਯੋਗਾ ਜਾਂ ਮੈਡੀਟੇਸ਼ਨ ਲਈ ਕੁਝ ਸਮਾਂ ਜ਼ਰੂਰ ਕੱਢੋ। ਜੇ ਤੁਸੀਂ ਚਾਹੋ ਤਾਂ ਅਧਿਆਤਮਕ ਕਿਤਾਬਾਂ ਪੜ੍ਹ ਸਕਦੇ ਹੋ ਜਾਂ ਵੀਡੀਓ ਦੇਖ ਸਕਦੇ ਹੋ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਿਮਾਗ ਤੇ ਮਨ ਨੂੰ ਸ਼ਾਂਤ ਕਰਦੀਆਂ ਹਨ।
5. ਵੱਡੇ ਕੰਮ ਦੀਆਂ ਛੋਟੀਆਂ ਗੱਲਾਂ
ਗਰਮੀ ਹੋਵੇ ਜਾਂ ਸਰਦੀ, ਮੌਸਮ ਦੇ ਅਨੁਸਾਰ ਠੰਢੇ ਜਾਂ ਗਰਮ ਪਾਣੀ ਨਾਲ ਆਰਾਮਦਾਇਕ ਸ਼ਾਵਰ ਲੈਣ ਨਾਲ ਵੀ ਤਣਾਅ ਦੂਰ ਹੋ ਜਾਂਦਾ ਹੈ ਤੇ ਮਨ ਨੂੰ ਚੰਗਾ ਅਹਿਸਾਸ ਦਿੰਦਾ ਹੈ। ਇਸ ਤੋਂ ਇਲਾਵਾ ਦਿਨ ਵੇਲੇ ਚਾਹ, ਕੌਫ਼ੀ, ਗ੍ਰੀਨ ਟੀ ਜਾਂ ਕੋਈ ਪਸੰਦੀਦਾ ਡਰਿੰਕ ਪੀਓ। ਸਵੇਰੇ ਜਾਂ ਸ਼ਾਮ ਨੂੰ ਜਦੋਂ ਤੁਹਾਨੂੰ ਸਮਾਂ ਮਿਲੇ, ਸੈਰ ਜਾਂ ਕਸਰਤ ਲਈ ਜਾਓ। ਜੇ ਸਮਾਂ ਮਿਲੇ ਤਾਂ ਸੈਲਫ਼ ਪੈਂਪਰਿੰਗ ਜ਼ਰੂਰ ਕਰੋ। ਜੇਕਰ ਤੁਸੀਂ ਚਾਹੋ ਤਾਂ ਸਪਾ ਜਾਂ ਮਸਾਜ ਕਰਵਾ ਸਕਦੇ ਹੋ। ਛੋਟੀ-ਮੋਟੀ ਆਊਟਿੰਗ 'ਤੇ ਜਾਓ ਜਾਂ ਫਿਰ ਛੁੱਟੀ 'ਤੇ ਜਾ ਸਕਦੇ ਹੋ। ਆਪਣੀ ਰੁਟੀਨ 'ਚ ਉਹ ਛੋਟੀ-ਛੋਟੀ ਚੀਜ਼ਾਂ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।