Alcohol and Liver Cancer: ਸ਼ਰਾਬ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ। ਹੁਣ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਾਬ ਦੇ ਸੇਵਨ ਨਾਲ ਲੀਵਰ ਖਰਾਬ ਹੋ ਰਿਹਾ ਹੈ। ਇਸ ਕਾਰਨ ਲੀਵਰ ਕੈਂਸਰ ਤੇ ਲੀਵਰ ਫੇਲ ਹੋਣ ਦੇ ਮਾਮਲੇ ਵੱਧ ਰਹੇ ਹਨ। 2017 ਤੱਕ ਅਜਿਹੇ 21 ਫੀਸਦੀ ਮਾਮਲੇ ਆ ਰਹੇ ਸਨ ਪਰ ਇਸ ਸਾਲ ਇਹ ਵਧ ਕੇ 40 ਫੀਸਦੀ ਹੋ ਗਏ ਹਨ। ਮੇਦਾਂਤਾ ਇੰਸਟੀਚਿਊਟ ਆਫ ਲਿਵਰ ਟ੍ਰਾਂਸਪਲਾਂਟੇਸ਼ਨ (Medanta Institute of Liver Transplantation) ਦੇ ਡਾਕਟਰਾਂ ਦੀ ਟੀਮ ਨੇ ਇਹ ਖੋਜ ਕੀਤੀ ਹੈ।


 


ਮੇਦਾਂਤਾ ਇੰਸਟੀਚਿਊਟ ਆਫ ਲਿਵਰ ਟ੍ਰਾਂਸਪਲਾਂਟੇਸ਼ਨ ਐਂਡ ਰੀਜਨਰੇਟਿਵ ਮੈਡੀਸਨ ਦੇ ਮੁੱਖ ਸਰਜਨ ਡਾ. ਅਰਵਿੰਦਰ ਸੋਇਨ ਦੀ ਅਗਵਾਈ ਵਾਲੀ ਟੀਮ ਨੇ 4,000 ਲਿਵਰ ਟ੍ਰਾਂਸਪਲਾਂਟ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਕੱਢੀ। 4,000 ਮਰੀਜ਼ਾਂ ਵਿੱਚੋਂ, 78 ਫੀਸਦੀ ਭਾਰਤ ਦੇ ਹਨ ਤੇ ਬਾਕੀ (22%) ਵਿਦੇਸ਼ੀ ਹਨ। ਇਹ ਸਾਰੇ ਮਰੀਜ਼ ਮੇਦਾਂਤਾ ਵਿੱਚ ਲਿਵਰ ਟਰਾਂਸਪਲਾਂਟ ਲਈ ਆਏ ਸਨ। ਉਹਨਾਂ ਦਾ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਜਿਸ ਕਾਰਨ ਟਰਾਂਸਪਲਾਂਟ ਦੀ ਲੋੜ ਪਈ ਸੀ।



ਸ਼ਰਾਬ ਪੀਣ ਕਾਰਨ ਜਿਗਰ ਦੀ ਅਸਫਲਤਾ



ਡਾਕਟਰ ਅਰਵਿੰਦਰ ਅਨੁਸਾਰ ਸ਼ਰਾਬ ਪੀਣ ਨਾਲ ਲੀਵਰ ਫੇਲ ਹੋ ਰਿਹਾ ਹੈ। ਇਸ ਕਰਕੇ ਟਰਾਂਸਪਲਾਂਟ ਕਰਨ ਦੀ ਲੋੜ ਪੈ ਰਹੀ ਹੈ। ਇਹ ਸਾਰੇ ਲੋਕ ਸ਼ਰਾਬ ਦਾ ਸੇਵਨ ਕਰਦੇ ਸਨ। ਜਿਸ ਕਾਰਨ ਲੀਵਰ ਕੰਮ ਕਰਨਾ ਬੰਦ ਕਰ ਰਿਹਾ ਸੀ। ਮਰੀਜ਼ਾਂ ਦੀ ਜਾਨ ਬਚਾਉਣ ਲਈ ਲਿਵਰ ਟਰਾਂਸਪਲਾਂਟ ਕੀਤਾ ਗਿਆ। ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਦਾ ਇਕ ਬਿਆਨ ਵੀ ਆਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸ਼ਰਾਬ ਦੀ ਕੋਈ ਨਿਸ਼ਚਿਤ ਮਾਤਰਾ ਨਹੀਂ ਹੈ, ਜਿਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ।



ਖ਼ਰਾਬ ਜੀਵਨ ਸ਼ੈਲੀ ਤੇ ਭੋਜਨ ਵੀ ਜਿਗਰ ਦੇ ਰੋਗਾਂ ਦਾ ਬਣਦੇ ਕਾਰਨ



ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਸੀ ਕਿ ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਜਿਗਰ ਦੀ ਬੀਮਾਰੀ ਦਾ ਵੱਡਾ ਕਾਰਨ ਹਨ। ਪਿਛਲੇ ਕੁਝ ਸਾਲਾਂ ਵਿਚ ਫੈਟੀ ਲਿਵਰ ਅਤੇ ਲਿਵਰ ਸਿਰੋਸਿਸ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਫੈਟੀ ਲਿਵਰ ਤੋਂ ਬਾਅਦ ਲੋਕਾਂ ਨੂੰ ਲਿਵਰ ਸਿਰੋਸਿਸ ਹੋ ਰਿਹਾ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਲੀਵਰ ਫੇਲ ਹੋ ਜਾਂਦਾ ਹੈ। ਅਜਿਹੇ 'ਚ ਮਰੀਜ਼ ਦੀ ਜਾਨ ਬਚਾਉਣ ਲਈ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ।