How to get rid of snakes: ਕਿਸੇ ਵੀ ਮੌਸਮ ਵਿੱਚ ਸੱਪ ਨਜ਼ਰ ਆ ਜਾਵੇ ਤਾਂ ਮਨੁੱਖ ਦੀ ਰੂਹ ਕੰਬ ਜਾਂਦੀ ਹੈ ਪਰ ਖਾਸ ਕਰਕੇ ਬਰਸਾਤ ਦਾ ਮੌਸਮ ਅਜਿਹਾ ਹੁੰਦਾ ਹੈ, ਜਦੋਂ ਸੱਪਾਂ ਦੇ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਮੌਸਮ ਵਿੱਚ ਪਿੰਡਾਂ ਵਿੱਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਵੀ ਬਹੁਤ ਸੁਣਨ ਨੂੰ ਮਿਲਦੀਆਂ ਹਨ। ਇਸ ਤੋਂ ਬਾਅਦ ਨੀਮ-ਹਕੀਮ ਤੋਂ ਲੈ ਕੇ ਝਾੜ-ਫੂਕ ਤੱਕ ਸਭ ਕੁਝ ਅਜ਼ਮਾਇਆ ਜਾਂਦਾ ਹੈ। 



ਉਂਝ ਅੱਜ-ਕੱਲ੍ਹ ਮੈਡੀਕਲ ਸਾਇੰਸ ਵਿੱਚ ਸੱਪ ਦੇ ਜ਼ਹਿਰ ਦਾ ਐਂਟੀਡੋਟ ਵੀ ਮੌਜੂਦ ਹੈ, ਪਰ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਇੱਕ ਅਜਿਹਾ ਬੂਟਾ ਵੀ ਹੈ, ਜਿਸ ਨੂੰ ਲਾਉਣ ਤੋਂ ਬਾਅਦ ਤੁਹਾਡੇ ਘਰ ਦੇ ਆਲੇ-ਦੁਆਲੇ ਸੱਪ ਨਹੀਂ ਆਉਣਗੇ। ਆਯੁਰਵੇਦ ਵਿੱਚ ਇੱਕ ਅਜਿਹੇ ਪੌਦੇ ਦਾ ਜ਼ਿਕਰ ਹੈ, ਜਿਸ ਦੀ ਮੁਸ਼ਕ ਨਾਲ ਹੀ ਸੱਪ ਨੇੜੇ ਨਹੀਂ ਆਉਂਦੇ। ਇਸ ਪੌਦੇ ਨੂੰ ਸਰਪਗੰਧਾ ਕਿਹਾ ਜਾਂਦਾ ਹੈ। 



ਇਸ ਪੌਦੇ ਦਾ ਜ਼ਿਕਰ ਚਰਕ ਸੰਹਿਤਾ ਵਿੱਚ ਜ਼ਹਿਰੀਲੇ ਜੀਵਾਂ ਦੇ ਕੱਟਣ ਤੋਂ ਬਾਅਦ ਉਪਚਾਰ ਵਜੋਂ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਜੰਗਲਾਂ ਤੋਂ ਇਲਾਵਾ ਇਹ ਪੌਦੇ ਉੱਤਰਾਖੰਡ ਵਿੱਚ ਵੀ ਮਿਲਦੇ ਹਨ ਤੇ ਕਈ ਥਾਵਾਂ 'ਤੇ ਇਨ੍ਹਾਂ ਦੀ ਨਿਯਮਤ ਖੇਤੀ ਕੀਤੀ ਜਾਂਦੀ ਹੈ। ਸਰਪਗੰਧਾ ਦਾ ਵਿਗਿਆਨਕ ਨਾਮ ਰਾਉਵੋਲਫੀਆ ਸਰਪੇਂਟੀਨਾ ਹੈ। ਇਸ ਨੂੰ ਸਰਪੇਂਟੀਨਾ ਜਾਂ ਸਨੇਕਰੂਟ ਵੀ ਕਿਹਾ ਜਾਂਦਾ ਹੈ, ਜਦੋਂਕਿ ਸਰਪਗੰਧਾ ਇਸ ਦਾ ਸੰਸਕ੍ਰਿਤ ਨਾਮ ਹੈ। 



ਕੁਦਰਤੀ ਗੁਣਾਂ ਨਾਲ ਭਰਪੂਰ ਸਰਪਗੰਧਾ ਬਰਸਾਤ ਦੇ ਮੌਸਮ ਵਿੱਚ ਸੱਪਾਂ ਨੂੰ ਭਜਾਉਣ ਲਈ ਘਰ ਨੇੜੇ ਲਾਇਆ ਜਾਂਦਾ ਹੈ। ਇਸ ਦੇ ਪੱਤੇ ਚਮਕਦਾਰ ਤੇ ਹਰੇ ਹੁੰਦੇ ਹਨ, ਜਦੋਂਕਿ ਜੜ੍ਹਾਂ ਦਾ ਰੰਗ ਪੀਲਾ ਤੇ ਭੂਰਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਪੌਦੇ ਦੀ ਮਹਿਕ ਇੰਨੀ ਅਜੀਬ ਹੁੰਦੀ ਹੈ ਕਿ ਸੱਪ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਦੂਰ ਭੱਜ ਜਾਂਦੇ ਹਨ। ਇਸ ਦੀ ਵਿਸ਼ੇਸ਼ਤਾ ਸਿਰਫ ਇਹ ਹੀ ਨਹੀਂ, ਸਗੋਂ ਇਸ ਪੌਦੇ ਨੂੰ ਸੱਪ ਦੇ ਡੰਗਣ ਤੋਂ ਬਾਅਦ ਐਂਟੀਡੋਟ ਵਜੋਂ ਵਰਤਿਆ ਜਾਂਦਾ ਹੈ।



ਇਸ ਪੌਦੇ ਦਾ ਵਿਗਿਆਨਕ ਨਾਮ ਮਸ਼ਹੂਰ ਜਰਮਨ ਚਿਕਿਤਸਕ, ਬਨਸਪਤੀ ਵਿਗਿਆਨੀ, ਯਾਤਰੀ ਤੇ ਲੇਖਕ ਲਿਓਨਾਰਡ ਰੌਵੋਲਫ ਦੇ ਸਨਮਾਨ ਵਿੱਚ ਦਿੱਤਾ ਗਿਆ ਸੀ। ਚਰਕ ਸੰਹਿਤਾ ਤੋਂ ਇਲਾਵਾ ਅੰਗਰੇਜ਼ ਰੰਫਿਅਸ ਨੇ ਵੀ ਇਸ ਜੜੀ ਬੂਟੀ ਬਾਰੇ ਲਿਖਿਆ ਹੈ ਕਿ ਭਾਰਤ ਤੇ ਜਾਵਾ ਵਿੱਚ ਇਹ ਪੌਦਾ ਹਰ ਕਿਸਮ ਦੇ ਜ਼ਹਿਰਾਂ ਨੂੰ ਬੇਅਸਰ ਕਰਨ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਮੁਤਾਬਕ ਇਹ ਦਵਾਈ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਸਮਰੱਥ ਹੈ। ਹਾਲਾਂਕਿ ਹੁਣ ਡਾਕਟਰੀ ਸਹਾਇਤਾ ਉਪਲਬਧ ਹੈ, ਇਸ ਨੂੰ ਡਾਕਟਰ ਕੋਲ ਲਿਜਾਣਾ ਸੁਰੱਖਿਅਤ ਹੈ, ਪਰ ਅਤਿਅੰਤ ਸਥਿਤੀਆਂ ਵਿੱਚ, ਪੌਦੇ ਦੇ ਪੱਤੇ ਤੇ ਸੱਕ ਵੀ ਬਿੱਛੂ ਤੇ ਮੱਕੜੀ ਦੇ ਜ਼ਹਿਰ ਨੂੰ ਘਟਾ ਸਕਦੇ ਹਨ।