Pneumonia from water: ਨਿਮੋਨੀਆ ਫੇਫੜਿਆਂ ਦੀ ਖਤਰਨਾਕ ਬੀਮਾਰੀ ਹੈ ਜਿਸ ਕਾਰਨ ਹਰ ਸਾਲ ਲੱਖਾਂ ਲੋਕ ਮਰਦੇ ਹਨ। ਇਹ ਬਿਮਾਰੀ ਫੇਫੜਿਆਂ ਵਿੱਚ ਇਨਫੈਕਸ਼ਨ ਕਾਰਨ ਹੁੰਦੀ ਹੈ। ਖਤਰਨਾਕ ਬੈਕਟੀਰੀਆ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚਦੇ ਹਨ ਤੇ ਨਿਮੋਨੀਆ ਦਾ ਕਾਰਨ ਬਣਦੇ ਹਨ। ਇਸ ਬਿਮਾਰੀ ਵਿੱਚ ਫੇਫੜੇ ਕਮਜ਼ੋਰ ਹੋ ਜਾਂਦੇ ਹਨ ਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਸਮੇਂ ਸਿਰ ਇਲਾਜ ਨਾ ਹੋਣ 'ਤੇ ਮਰੀਜ਼ ਦੀ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ। 



ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਨਿਮੋਨੀਆ ਦੇ ਕੀਟਾਣੂ ਹਵਾ ਰਾਹੀਂ ਫੇਫੜਿਆਂ ਵਿੱਚ ਦਾਖ਼ਲ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਣੀ ਵੀ ਨਿਮੋਨੀਆ ਦਾ ਕਾਰਨ ਬਣ ਸਕਦਾ ਹੈ। ਹਾਲ ਹੀ 'ਚ ਪੋਲੈਂਡ 'ਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਪਾਣੀ ਪੀਣ ਕਾਰਨ ਲੋਕ ਨਿਮੋਨੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਮਗਰੋਂ ਹੜਕੰਪ ਮੱਚ ਗਿਆ ਹੈ।



ਪੋਲੈਂਡ ਦੇ ਕੁਝ ਖੇਤਰਾਂ ਦੀ ਜਲ ਸਪਲਾਈ ਵਿੱਚ ਲੀਜੀਓਨੇਲਾ ਬੈਕਟੀਰੀਆ ਪਾਇਆ ਗਿਆ ਹੈ। ਇਸ ਪਾਣੀ ਨੂੰ ਪੀਣ ਨਾਲ ਇਹ ਬੈਕਟੀਰੀਆ ਲੋਕਾਂ ਦੇ ਸਰੀਰ ਵਿੱਚ ਜਾ ਰਿਹਾ ਹੈ। ਇਸ ਨਾਲ Legionnaires ਰੋਗ ਹੋ ਰਿਹਾ ਹੈ। ਇਹ ਬਿਮਾਰੀ ਨਿਮੋਨੀਆ ਦਾ ਕਾਰਨ ਬਣ ਰਹੀ ਹੈ। ਪੋਲੈਂਡ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ।


ਅਲਰਟ ਜਾਰੀ ਕੀਤਾ
'ਦ ਸਨ' ਦੀ ਰਿਪੋਰਟ ਮੁਤਾਬਕ ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਲੀਜਿਓਨੀਅਰਸ ਬੀਮਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸੈਂਟਰ ਨੇ ਕਿਹਾ ਹੈ ਕਿ ਹੁਣ ਤੱਕ 113 ਮਰੀਜ਼ਾਂ ਵਿੱਚ ਲੀਜੀਓਨੇਲਾ ਬੈਕਟੀਰੀਆ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ 65 ਸਾਲ ਤੋਂ ਵੱਧ ਉਮਰ ਦੇ ਸਨ ਤੇ ਉਨ੍ਹਾਂ ਨੂੰ ਹੋਰ ਬਿਮਾਰੀਆਂ ਵੀ ਸਨ।


ਸੈਂਟਰ ਮੁਤਾਬਕ ਜੇਕਰ ਤੁਸੀਂ ਠੀਕ ਤਰ੍ਹਾਂ ਨਾਲ ਸਾਹ ਨਹੀਂ ਲੈ ਪਾ ਰਹੇ ਹੋ, ਛਾਤੀ 'ਚ ਦਰਦ ਹੈ ਤਾਂ ਤੁਹਾਨੂੰ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਸੈਂਟਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਘਰ ਵਿੱਚ ਗਰਮ ਟੱਬ ਜਾਂ ਹੋਮ ਸਪਾ ਹੈ, ਤਾਂ ਇਸ ਨੂੰ ਨਿਯਮਿਤ ਤੌਰ 'ਤੇ ਸੁਕਾਉਣਾ, ਸਾਫ਼ ਕਰਨਾ ਤੇ ਰੋਗਾਣੂ ਮੁਕਤ ਕਰਨਾ ਜ਼ਰੂਰੀ ਹੈ। ਪੀਣ ਦੀ ਸਪਲਾਈ ਲਈ ਉਪਲਬਧ ਪਾਣੀ ਨੂੰ ਉਬਾਲ ਕੇ ਪੀਓ।


Legionella ਬੈਕਟੀਰੀਆ ਕੀ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖਰਾਬ ਪਾਣੀ ਵਿੱਚ ਲੀਜੀਓਨੇਲਾ ਬੈਕਟੀਰੀਆ ਮੌਜੂਦ ਹੁੰਦਾ ਹੈ। ਜੇਕਰ ਕੋਈ ਵਿਅਕਤੀ ਅਜਿਹਾ ਪਾਣੀ ਪੀਂਦਾ ਹੈ, ਤਾਂ ਉਸ ਨੂੰ ਲੀਜੋਨਾਈਰਸ ਰੋਗ ਹੋ ਜਾਂਦਾ ਹੈ। ਇਹ ਨਿਮੋਨੀਆ ਦੀ ਇੱਕ ਕਿਸਮ ਹੈ। ਜੋ ਲੋਕ ਬੁੱਢੇ ਹੋ ਚੁੱਕੇ ਹਨ ਜਾਂ ਪਹਿਲਾਂ ਹੀ ਕਿਸੇ ਹੋਰ ਗੰਭੀਰ ਬੀਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਇਸ ਬੀਮਾਰੀ ਦਾ ਖਤਰਾ ਹੈ। 



ਆਮ ਤੌਰ 'ਤੇ ਇਹ ਰੋਗ ਐਂਟੀਬਾਇਓਟਿਕਸ ਨਾਲ ਠੀਕ ਹੋ ਜਾਂਦਾ ਹੈ ਪਰ ਜੇਕਰ ਇਨਫੈਕਸ਼ਨ ਫੇਫੜਿਆਂ 'ਚ ਜ਼ਿਆਦਾ ਹੋ ਜਾਵੇ ਤਾਂ ਮਰੀਜ਼ ਦੀ ਹਾਲਤ ਵਿਗੜ ਸਕਦੀ ਹੈ। ਅਜਿਹੇ 'ਚ ਜੇਕਰ ਕਿਸੇ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ ਜਾਂ ਲਗਾਤਾਰ ਖੰਘ ਹੋ ਰਹੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।