Screen time linked to sleep and behavioral problems in children: ਅਸੀਂ ਸਾਰੇ ਦਿਨ ਭਰ ਕਿਸੇ ਨਾ ਕਿਸੇ ਰੂਪ ਵਿੱਚ ਮੋਬਾਈਲ, ਕੰਪਿਊਟਰ ਤੇ ਟੈਲੀਵਿਜ਼ਨ ਵਰਗੀਆਂ ਸਕ੍ਰੀਨਾਂ ਨਾਲ ਘਿਰੇ ਰਹਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਵੱਧਦਾ ਸਕ੍ਰੀਨ ਟਾਈਮ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ? ਬਹੁਤ ਸਾਰੇ ਅਧਿਐਨ ਗੰਭੀਰ ਚਿੰਤਾਵਾਂ ਜਤਾ ਰਹੇ ਹਨ ਕਿ ਸਕ੍ਰੀਨ ਸਮੇਂ ਵਿੱਚ ਵਾਧਾ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਹਾਨੀਕਾਰਕ ਹੋ ਸਕਦਾ ਹੈ। ਸਿਹਤ ਮਾਹਿਰਾਂ ਨੇ ਖਾਸ ਕਰਕੇ ਬੱਚਿਆਂ ਵਿੱਚ ਵੱਧ ਰਹੇ ਸਕ੍ਰੀਨ ਟਾਈਮ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਯਾਦ ਰਹੇ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਰੁੱਝੇ ਰੱਖਣ ਲਈ ਮੋਬਾਈਲ ਫ਼ੋਨ ਦਿੰਦੇ ਹੋ ਤਾਂ ਸਾਵਧਾਨ ਹੋ ਜਾਓ। ਜਾਣੇ ਜਾਂ ਅਣਜਾਣੇ ਵਿੱਚ ਤੁਹਾਡੀ ਇਹ ਆਦਤ ਬੱਚੇ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ। ਇੱਕ ਨਵੇਂ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿਅਸਤ ਰੱਖਣ ਲਈ "ਡਿਜੀਟਲ ਡਮੀ" ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸਮੇਂ ਦੇ ਨਾਲ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੇ ਵਿਕਾਸ ਦਾ ਜੋਖਮ ਬਹੁਤ ਜ਼ਿਆਦਾ ਹੋ ਸਕਦਾ ਹੈ।
ਪ੍ਰੀਸਕੂਲ-ਉਮਰ ਦੇ ਬੱਚਿਆਂ ਵਿੱਚ ਦੇਖੇ ਗਏ ਮਾੜੇ ਪ੍ਰਭਾਵ
ਵਿਗਿਆਨੀਆਂ ਦੀ ਇੱਕ ਟੀਮ ਦੁਆਰਾ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬਹੁਤ ਜ਼ਿਆਦਾ ਸਕ੍ਰੀਨ ਸਮਾਂ ਪ੍ਰੀਸਕੂਲ ਉਮਰ (3-4 ਸਾਲ) ਦੇ ਬੱਚਿਆਂ ਵਿੱਚ ਨੀਂਦ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ। ਖੋਜ ਅਨੁਸਾਰ ਬੱਚਿਆਂ ਦੁਆਰਾ ਲੈਪਟਾਪ, ਟੈਬਲੇਟ ਜਾਂ ਸਮਾਰਟਫੋਨ ਦੇ ਸਾਹਮਣੇ ਜ਼ਿਆਦਾ ਸਮਾਂ ਬਿਤਾਉਣਾ ਇਕਾਗਰਤਾ ਦੀ ਸਮੱਸਿਆ ਤੇ ਅਸਥਿਰ ਮੂਡ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਤੋਂ ਇਲਾਵਾ ਸਕਰੀਨ ਟਾਈਮ ਵਧਣ ਕਾਰਨ ਬੱਚਿਆਂ ਦੀ ਬੋਧਾਤਮਕ ਸਮਰੱਥਾ ਵਿੱਚ ਕਮੀ ਦੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ ਜੋ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਰਲੀ ਚਾਈਲਡ ਡਿਵੈਲਪਮੈਂਟ ਐਂਡ ਕੇਅਰ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦੇ ਨਤੀਜੇ ਦੱਸਦੇ ਹਨ ਕਿ ਬੱਚਿਆਂ ਨੂੰ ਸਿਹਤਮੰਦ ਰੱਖਣ ਤੇ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਲਈ ਸਕ੍ਰੀਨ ਟਾਈਮ ਨੂੰ ਘਟਾਉਣਾ ਸਭ ਤੋਂ ਮਹੱਤਵਪੂਰਨ ਹੋ ਗਿਆ ਹੈ।
ਅਧਿਐਨ ਵਿੱਚ ਕੀ ਪਾਇਆ?
ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਬੱਚਿਆਂ ਦੀ ਸਿਹਤ 'ਤੇ ਵਧੇ ਹੋਏ ਸਕ੍ਰੀਨ ਟਾਈਮ ਦੇ ਮਾੜੇ ਪ੍ਰਭਾਵਾਂ ਨੂੰ ਜਾਣਨ ਲਈ ਵਿਸਤ੍ਰਿਤ ਖੋਜ ਕੀਤੀ। ਵਿਗਿਆਨੀਆਂ ਨੇ ਪਾਇਆ ਹੈ ਕਿ ਸਕਰੀਨ ਟਾਈਮ ਵਧਣ ਨਾਲ ਨਾ ਸਿਰਫ ਨੀਂਦ ਪ੍ਰਭਾਵਿਤ ਹੁੰਦੀ ਹੈ, ਬਲਕਿ ਇਸ ਕਾਰਨ ਹਾਈਪਰਐਕਟਿਵ ਅਟੈਂਸ਼ਨ ਸਮੱਸਿਆ ਯਾਨੀ ਇਕਾਗਰਤਾ ਬਣਾਈ ਰੱਖਣ 'ਚ ਦਿੱਕਤ ਤੇ ਲੰਬੇ ਸਮੇਂ 'ਚ ਬੋਧਾਤਮਕ ਸਮੱਸਿਆਵਾਂ 'ਚ ਵਾਧਾ ਦੇਖਿਆ ਗਿਆ ਹੈ। ਸ਼ੰਘਾਈ ਨਾਰਮਲ ਯੂਨੀਵਰਸਿਟੀ ਦੇ ਪ੍ਰੀਸਕੂਲ ਸਿੱਖਿਆ ਦੇ ਮਾਹਿਰ, ਅਧਿਐਨ ਲੇਖਕ ਪ੍ਰੋਫੈਸਰ ਯਾਨ ਲੀ ਕਹਿੰਦੇ ਹਨ, "ਸਾਡੇ ਨਤੀਜੇ ਦਰਸਾਉਂਦੇ ਹਨ ਕਿ ਬਹੁਤ ਜ਼ਿਆਦਾ ਸਕ੍ਰੀਨ ਸਮਾਂ ਪ੍ਰੀਸਕੂਲ ਬੱਚਿਆਂ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਉਤੇਜਿਤ ਕਰਦਾ ਹੈ, ਜੋ ਨੀਂਦ ਦੀ ਗੁਣਵੱਤਾ ਤੇ ਮਿਆਦ ਦੋਵਾਂ ਨੂੰ ਵਿਗਾੜ ਸਕਦਾ ਹੈ।"
ਬੋਧਾਤਮਕ ਹੁਨਰ ਵਿੱਚ ਗਿਰਾਵਟ
ਸਕਰੀਨ ਟਾਈਮ ਵਧਣ ਨਾਲ ਬੱਚਿਆਂ ਦੀ ਸੋਚਣ, ਸਮਝਣ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਨਤੀਜੇ ਵਜੋਂ ਬੱਚੇ ਜ਼ਿਆਦਾ ਦੇਰ ਤੱਕ ਕਿਸੇ ਵੀ ਕੰਮ 'ਤੇ ਧਿਆਨ ਨਹੀਂ ਲਗਾ ਪਾਉਂਦੇ। ਇਸ ਬਾਰੇ ਜਰਨਲ ਆਫ਼ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਵਿੱਚ ਪ੍ਰਕਾਸ਼ਿਤ ਇੱਕ ਹੋਰ ਖੋਜ ਦਰਸਾਉਂਦੀ ਹੈ ਕਿ ਸਕ੍ਰੀਨ ਦੇ ਸਾਹਮਣੇ ਦਿਨ ਵਿੱਚ 2 ਘੰਟੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਬੱਚਿਆਂ ਦੀ ਭਾਸ਼ਾ ਤੇ ਸੋਚਣ ਦੀ ਸਮਰੱਥਾ ਘੱਟ ਸਕਦੀ ਹੈ। ਕੈਨੇਡੀਅਨ ਪਬਲਿਕ ਹੈਲਥ ਸਰਵੇ ਦੀ ਰਿਪੋਰਟ ਵਿੱਚ ਅਜਿਹੇ ਬੱਚਿਆਂ ਵਿੱਚ ਸਕੂਲ ਦੀ ਕਾਰਗੁਜ਼ਾਰੀ ਵਿੱਚ ਗਿਰਾਵਟ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ।
ਇਸ ਬਾਰੇ WHO ਦੀ ਕੀ ਸਲਾਹ?
ਵਿਸ਼ਵ ਸਿਹਤ ਸੰਗਠਨ (WHO) ਦੇ ਮਾਹਿਰਾਂ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਿਨ ਵਿੱਚ ਇੱਕ ਘੰਟੇ ਤੋਂ ਵੱਧ ਸਕ੍ਰੀਨ ਟਾਈਮ ਨੂੰ ਨੁਕਸਾਨਦੇਹ ਕਰਾਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਧਦਾ ਸਕਰੀਨ ਟਾਈਮ ਬੱਚਿਆਂ ਵਿੱਚ ਡਿਪਰੈਸ਼ਨ ਤੇ ਚਿੰਤਾ ਦੀ ਸਮੱਸਿਆ ਨੂੰ ਵੀ ਵਧਾ ਰਿਹਾ ਹੈ। ਸਾਰੇ ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਦਾ ਸਕ੍ਰੀਨ ਸਮਾਂ ਘੱਟ ਤੋਂ ਘੱਟ ਹੋਵੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣ ਤਾਂ ਜੋ ਸਕ੍ਰੀਨ ਦਾ ਸਮਾਂ ਘੱਟ ਕੀਤਾ ਜਾ ਸਕੇ ਤੇ ਉਨ੍ਹਾਂ ਨੂੰ ਬਾਹਰੀ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਭਵਿੱਖ ਨੂੰ ਸਿਹਤਮੰਦ ਬਣਾਉਣ ਲਈ ਇਹ ਉਪਰਾਲੇ ਅਜੋਕੇ ਸਮੇਂ ਦੀ ਲੋੜ ਹਨ।