Smartphone screen bad effects: ਕੰਪਿਊਟਰ ਮਾਨੀਟਰ, ਫਲੈਟ ਸਕਰੀਨ ਟੈਲੀਵਿਜ਼ਨ, ਸਮਾਰਟਫੋਨ, ਟੈਬਲੇਟ ਤੇ ਫਲੋਰੋਸੈਂਟ ਲਾਈਟ ਬਲਬ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਦੀ ਸਿਹਤ ਨੂੰ ਵਿਗਾੜ ਰਹੀ ਹੈ। ਹਾਲਾਂਕਿ ਨੀਲੀ ਰੋਸ਼ਨੀ ਦਾ ਮੁੱਖ ਸਰੋਤ ਸੂਰਜ ਹੈ ਜੋ ਵਿਟਾਮਿਨ ਪ੍ਰਦਾਨ ਕਰਕੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਪਰ ਜੀਵਨ ਸ਼ੈਲੀ ਬਦਲ ਰਹੀ ਹੈ। ਸਮਾਰਟਫੋਨ, ਸਮਾਰਟ ਡਿਵਾਈਸਾਂ ਤੇ ਸਕ੍ਰੀਨਾਂ ਦੀ ਵੱਧ ਰਹੀ ਵਰਤੋਂ ਨੇ ਮਨੁੱਖੀ ਜੀਵਨ ਵਿੱਚ ਨੀਲੀ ਰੋਸ਼ਨੀ ਦੇ ਐਕਸਪੋਜਰ ਦੇ ਪੈਟਰਨ ਨੂੰ ਬਦਲ ਦਿੱਤਾ ਹੈ।
ਵਿਗਿਆਨਕ ਖੋਜ ਵਿੱਚ ਇਹ ਸਿੱਧ ਹੋਇਆ ਹੈ ਕਿ ਨੀਲੀ ਰੋਸ਼ਨੀ ਵਿੱਚ ਹੋਰ ਰੰਗਾਂ ਦੇ ਮੁਕਾਬਲੇ ਜ਼ਿਆਦਾ ਵਿਜ਼ੀਬਲ ਸਪੈਕਟ੍ਰਮ ਹੁੰਦਾ ਹੈ। ਇਸ ਕਾਰਨ ਸਾਡੀ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਿਛਲੇ ਕੁਝ ਸਾਲਾਂ 'ਚ ਸਕ੍ਰੀਨ ਟਾਈਮ ਵਧਣ ਕਾਰਨ ਵਿਗਿਆਨੀ ਇਸ ਦਿਸ਼ਾ 'ਚ ਲਗਾਤਾਰ ਅਧਿਐਨ ਕਰ ਰਹੇ ਹਨ। ਹੁਣ ਤੱਕ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਮੋਬਾਈਲ ਜਾਂ ਲੈਪਟਾਪ ਤੋਂ ਨਿਕਲਣ ਵਾਲੀ ਤੇਜ਼ ਰੌਸ਼ਨੀ ਪੈਣ ਨਾਲ ਫ੍ਰੀ ਰੈਡੀਕਲਸ ਤੇ ਆਕਸੀਡੇਟਿਵ ਸਟ੍ਰੈਸ ਵਧਾ ਕੇ ਚਮੜੀ ਦਾ ਸੰਤੁਲਨ ਵਿਗਾੜ ਸਕਦਾ ਹੈ।
ਦਰਅਸਲ ਚਮੜੀ ਦੇ ਕੁਝ ਸੈੱਲ ਖਰਾਬ ਹੋ ਜਾਂਦੇ ਹਨ। ਕੁਝ ਦੀ ਮੁਰੰਮਤ ਹੋ ਜਾਂਦੀ ਹੈ ਤੇ ਨਵੇਂ ਸੈੱਲ ਵੀ ਬਣਦੇ ਹਨ। ਨੀਲੀ ਰੋਸ਼ਨੀ ਇਸ ਕੰਮ ਦੇ ਸੰਤੁਲਨ ਨੂੰ ਵਿਗਾੜ ਕੇ ਤੇ ਸੈੱਲਾਂ ਦੀ ਮੁਰੰਮਤ ਦੀ ਪ੍ਰਕਿਰਿਆ ਨੂੰ ਹੌਲੀ ਕਰਕੇ ਚਮੜੀ ਦੀ ਮੁਰੰਮਤ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਰਕੇ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਨੂੰ ਪ੍ਰਭਾਵਿਤ ਕਰਕੇ ਉਮਰ ਤੋਂ ਪਹਿਲਾਂ ਹੀ ਬੁਢਾਪੇ ਵੱਲ ਲਿਜਾ ਰਹੀ ਹੈ।
ਚਮੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਿਵੇਂ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਵਾਲੇ ਵਿਅਕਤੀ ਵਿੱਚ ਝੁਰੜੀਆਂ ਤੇ ਫਾਈਨ ਲਾਈਨਾਂ ਤੇ ਚਮੜੀ ਦਾ ਢਿੱਲਾਪਣ ਜਲਦੀ ਦਿਖਾਈ ਦੇਣ ਲੱਗਦਾ ਹੈ, ਉਸੇ ਤਰ੍ਹਾਂ, ਜੋ ਲੋਕ ਲੰਬੇ ਸਮੇਂ ਤੱਕ ਸਕ੍ਰੀਨ ਦੇਖਦੇ ਹਨ, ਉਨ੍ਹਾਂ ਦੀ ਚਮੜੀ ਵੀ ਬਦਲਣੀ ਸ਼ੁਰੂ ਹੋ ਜਾਂਦੀ ਹੈ।
ਭਾਵ ਘੰਟਿਆਂ ਤੱਕ ਸਕ੍ਰੀਨ ਦੇ ਸਾਹਮਣੇ ਰਹਿਣ ਨਾਲ ਚਮੜੀ ਵਿੱਚ ਮੌਜੂਦ ਕੋਲੇਜਨ ਦੀ ਸਪਲਾਈ 'ਤੇ ਅਸਰ ਪੈਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਚਮੜੀ 'ਤੇ ਝੁਰੜੀਆਂ, ਚਮੜੀ ਦਾ ਢਿੱਲਾ ਹੋਣਾ, ਏਜਿੰਗ ਸਪੌਟ ਤੇ ਪਿਗਮੈਂਟੇਸ਼ਨ ਵਰਗੇ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੇ ਹਨ। ਲੰਬੇ ਸਮੇਂ ਤੱਕ ਸਕਰੀਨ ਨੂੰ ਦੇਖਣ ਦੌਰਾਨ, ਕੁਝ ਲੋਕਾਂ ਨੂੰ ਅੱਖਾਂ ਵਿੱਚ ਖਿਚਾਅ ਤੇ ਖੁਸ਼ਕੀ, ਸਿਰਦਰਦ, ਚੱਕਰ ਆਉਣਾ, ਮਤਲੀ ਆਦਿ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।
ਇਹ ਵੀ ਅਹਿਮ ਹੈ ਕਿ ਬੇਸ਼ੱਕ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਦਾ ਐਕਸਪੋਜਰ ਹਰ ਕਿਸੇ ਲਈ ਨੁਕਸਾਨਦੇਹ ਹੁੰਦਾ ਹੈ ਪਰ ਭਾਰਤੀ ਸਕਿਨ ਟੋਨ ਨੂੰ ਜ਼ਿਆਦਾ ਨੁਕਸਾਨ ਪਹੁੰਚਦਾ ਹੈ। 2010 ਵਿੱਚ ਜਰਨਲ ਆਫ਼ ਇਨਵੈਸਟੀਗੇਟਿਵ ਡਰਮਾਟੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਇਹ ਮੱਧਮ ਤੇ ਕਾਲੇ ਰੰਗ ਦੇ ਲੋਕਾਂ ਵਿੱਚ ਹਾਈਪਰ ਪਿਗਮੈਂਟੇਸ਼ਨ ਦਾ ਕਾਰਨ ਬਣਦਾ ਹੈ, ਜਦੋਂਕਿ ਗੋਰੀ ਚਮੜੀ ਨੀਲੀ ਰੋਸ਼ਨੀ ਨਾਲ ਮੁਕਾਬਲਤਨ ਘੱਟ ਪ੍ਰਭਾਵਿਤ ਹੁੰਦੀ ਹੈ।
ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਨੀਲੀ ਰੋਸ਼ਨੀ ਚਿੱਟੇ, ਮੀਡੀਅਮ ਤੇ ਡਾਰਕ ਰੰਗਾਂ 'ਤੇ ਵੱਖਰੇ ਤੌਰ 'ਤੇ ਕੰਮ ਕਰਦੀ ਹੈ। ਚਿੱਟੀ ਚਮੜੀ ਦੇ ਟੋਨਸ ਵਾਲੇ ਲੋਕਾਂ ਵਿੱਚ ਮੇਲੇਨਿਨ ਦੀ ਘਾਟ ਹੁੰਦੀ ਹੈ ਜਦੋਂਕਿ ਮੀਡੀਅਮ ਤੇ ਡਾਰਕ ਰੰਗਾਂ ਵਿੱਚ ਮੇਲੇਨਿਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਚਿੱਟੀ ਚਮੜੀ ਵਾਲੇ ਲੋਕਾਂ ਨੂੰ ਨੀਲੀ ਰੋਸ਼ਨੀ ਕਾਰਨ ਚਮੜੀ ਦੇ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ, ਜਦੋਂਕਿ ਮੀਡੀਅਮ ਤੇ ਡਾਰਕ ਰੰਗ ਵਾਲੇ ਲੋਕਾਂ ਵਿੱਚ, ਮੇਲੇਨਿਨ ਹਾਈਪਰਐਕਟਿਵ ਹੋ ਕੇ ਪਿਗਮੈਂਟੇਸ਼ਨ ਦਾ ਕਾਰਨ ਬਣਦਾ ਹੈ।