Sooji ka Halwa: ਲੋਕਾਂ ਨੂੰ ਮਿੱਠਾ ਖਾਣ ਦਾ ਤਾਂ ਬਹੁਤ ਸ਼ੌਕ ਹੁੰਦਾ ਹੈ, ਪਰ ਜੇ ਮਿੱਠੇ ਦੇ ਰੂਪ ਵਿੱਚ ਕੁੱਝ ਹੈਲਦੀ ਖਾਇਆ ਜਾਵੇ ਤਾਂ ਉਹ ਸਰੀਰ ਨੂੰ ਕਈ ਫਾਇਦੇ ਦਿੰਦਾ ਹੈ। ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ ਉਹ ਲੋਕ ਸੂਜੀ ਦਾ ਕੜਾਹ (Sooji ka Halwa) ਖਾ ਸਕਦੇ ਹਨ। ਇਸ ਦੇ ਸੇਵਨ ਨਾਲ ਇਮਿਊਨ ਸਿਸਟਮ (immune system) ਨੂੰ ਮਜ਼ਬੂਤ ਕਰ ਸਕਦੇ ਹੋ। ਸੂਜੀ ਦਾ ਕੜਾਹ ਜਾਂ ਸੂਜੀ ਦਾ ਹਲਵਾ ਪੰਜਾਬੀ ਘਰਾਂ ਦੇ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ।



ਨਿਊਟ੍ਰੀਸ਼ੀਨਿਸਟ ਦੇ ਅਨੁਸਾਰ ਸੂਜੀ ਦਾ ਹਲਵਾ ਹਜ਼ਮ ਕਰਨ ‘ਚ ਵੀ ਅਸਾਨ ਹੈ ਅਤੇ ਇਸ ਨੂੰ ਸਰਜਰੀ ਜਾਂ ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਖਾਣ ਲਈ ਦਿੱਤਾ ਜਾਂਦਾ ਹੈ। ਜੇ ਕਿਸੇ ਬਿਮਾਰ ਵਿਅਕਤੀ ਨੂੰ ਖਾਣ ਲਈ ਇਹ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਵੇਗਾ। ਡਾਕਟਰ ਵੀ ਬਿਮਾਰ ਵਿਅਕਤੀ ਨੂੰ ਜਲਦੀ ਠੀਕ ਹੋਣ ਲਈ ਸੂਜੀ ਦਾ ਕੜਾਹ ਖਾਣ ਦੀ ਸਲਾਹ ਦਿੰਦੇ ਹਨ। ਹਲਵਾ ਬਣਾਉਣ ਲਈ ਦੇਸੀ ਘਿਓ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ।


ਘਿਓ ਨਾ ਸਿਰਫ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਨਾਲ ਹੀ ਇਸ ‘ਚ ਮੌਜੂਦ ਐਂਟੀ-ਇਨਫਲਾਮੇਟਰੀ ਗੁਣ ਸਕਿਨ ਦੇ ਨਿਖਾਰ ਨੂੰ ਬਣਾਈ ਰੱਖਦਾ ਹੈ। ਇਸਦੇ ਨਾਲ ਹੀ ਇਸ ‘ਚ ਕੈਂਸਰ ਨਾਲ ਲੜਨ ਦੇ ਤੱਤ ਪਾਏ ਜਾਂਦੇ ਹਨ। ਉੱਥੇ ਹੀ ਗੱਲ ਜੇ ਸੂਜੀ ਦੀ ਕਰੀਏ ਤਾਂ ਆਇਰਨ ਅਤੇ ਮੈਗਨੀਸ਼ੀਅਮ ਗੁਣਾਂ ਨਾਲ ਭਰਪੂਰ ਇਹ ਦਿਲ ਨੂੰ ਤੰਦਰੁਸਤ ਰੱਖਦੀ ਹੈ। ਇਸ ਤੋਂ ਇਲਾਵਾ ਸੂਜੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਹਾਲਾਂਕਿ ਜ਼ਿਆਦਾ ਮਾਤਰਾ ‘ਚ ਸੂਜੀ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।


ਸੂਜੀ ਦਾ ਹਲਵਾ ਬਣਾਉਣ ਵਿਚ ਆਸਾਨ ਅਤੇ ਸੁਆਦੀ ਪਰੰਪਰਾਗਤ ਮਿਠਾਈ ਹੈ ਜੋ ਭਾਰਤ ਭਰ ਵਿਚ ਬਹੁਤ ਮਸ਼ਹੂਰ ਹੈ।


ਸਮੱਗਰੀ


1/2 ਕੱਪ ਸੂਜੀ (ਰਵਾ)


1/3 ਕੱਪ ਘਿਓ


1¼ ਕੱਪ ਪਾਣੀ


1/2 ਕੱਪ ਖੰਡ


5 ਬਦਾਮ, ਕੱਟੇ ਹੋਏ


5 ਕਾਜੂ, ਕੱਟੇ ਹੋਏ


1/4 ਚਮਚ ਇਲਾਇਚੀ ਪਾਊਡਰ


ਇਕ ਬਰਤਨ ਵਿਚ 1¼ ਕੱਪ ਪਾਣੀ ਨੂੰ ਮੱਧਮ ਅੱਗ 'ਤੇ ਉਬਾਲੋ, ਫਿਰ ਖੰਡ ਨੂੰ ਪਾਓ । ਇਸ ਤਰ੍ਹਾਂ ਇਸ ਦੀ ਚਾਸ਼ਨੀ ਤਿਆਰ ਕਰ ਲਓ। ਇਸ ਵਿੱਚ 3-4 ਮਿੰਟ ਲੱਗਣਗੇ। ਗੈਸ ਬੰਦ ਕਰ ਦਿਓ ਅਤੇ ਚਾਸ਼ਨੀ ਨੂੰ ਇਕ ਪਾਸੇ ਰੱਖ ਦਿਓ।


ਇੱਕ ਭਾਰੀ ਤਲੇ ਵਾਲੇ ਕੜਾਈ ਵਿੱਚ ਘਿਓ ਅਤੇ ਉਸ ਨੂੰ ਪਿਘਲਣ ਦਿਓ, ਫਿਰ ਸੂਜੀ ਪਾਓ ਅਤੇ ਇਸਨੂੰ ਮੱਧਮ ਅੱਗ 'ਤੇ ਭੁੰਨੋ।


ਇਸ ਮਿਸ਼ਰਨ ਨੂੰ ਸੁਨਹਿਰੀ ਭੂਰਾ ਹੋਣ ਤੱਕ ਫ੍ਰਾਈ ਕਰੋ। ਇਸ ਵਿੱਚ 8-10 ਮਿੰਟ ਲੱਗਣਗੇ।


ਅੱਗ ਨੂੰ ਘੱਟ ਕਰੋ ਅਤੇ ਕੜਛੀ ਨਾਲ ਲਗਾਤਾਰ ਹਿਲਾਉਂਦੇ ਹੋਏ ਚਾਸ਼ਨੀ ਨੂੰ ਪਾਓ। ਇਸ ਸਾਰੀ ਪ੍ਰਕਿਰਿਆ ਦੌਰਾਨ ਲਗਾਤਾਰ ਕੜਛੀ ਨੂੰ ਚਲਾਉਂਦੇ ਰਹੋ ਤਾਂ ਜੋ ਗੰਢਾਂ ਨਾ ਬਣਨ। ਜਦੋਂ ਸਾਰਾ ਮਿਸ਼ਰਨ ਚੰਗੀ ਤਰ੍ਹਾਂ ਇਕੱਠਾ ਹੋ ਜਾਵੇ ਤਾਂ ਗੈਸ ਨੂੰ ਬੰਦ ਕਰ ਦਿਓ। ਫਿਰ ਇਸ ਵਿੱਚ ਇਲਾਇਚੀ ਪਾਊਡਰ ਪਾਓ। ਕੁੱਝ ਕਾਜੂ ਅਤੇ ਬਦਾਮ ਨਾਲ ਗਾਰਨਿਸ਼ਿੰਗ ਕਰੋ। ਤੁਹਾਡਾ ਸੂਜੀ ਦਾ ਕੜਾਹ ਤਿਆਰ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।