Heart Attack: ਅੱਜ-ਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਹਾਰਟ ਅਟੈਕ, ਸ਼ੂਗਰ, ਹਾਈਪਰਟੈਨਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਫੈਟੀ ਲਿਵਰ, ਥਾਇਰਾਈਡ ਅਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਹਿਲਾਂ ਲੋਕ 60-70 ਸਾਲ ਦੀ ਉਮਰ ਦੇ ਵਿੱਚ ਜਾ ਕੇ ਹਾਰਟ ਅਟੈਕ (Heart Attack) ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਸਨ, ਪਰ ਹੁਣ ਅਜਿਹੀਆਂ ਖਤਰਨਾਕ ਬਿਮਾਰੀਆਂ 25-30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਇਸ ਦਾ ਮੁੱਖ ਕਾਰਨ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਮੰਨਿਆ ਜਾਂਦਾ ਹੈ। ਬੈਠ ਕੇ ਕੰਮ ਕਰਨਾ, ਸਰੀਰਕ ਗਤੀਵਿਧੀ ਨਾ ਕਰਨਾ, ਜੰਕ ਫੂਡ ਅਤੇ ਬਾਹਰ ਦਾ ਭੋਜਨ ਖਾਣਾ, ਮਿਲਾਵਟੀ ਭੋਜਨ ਪਦਾਰਥਾਂ ਦਾ ਸੇਵਨ ਕਰਨਾ, ਸਮੇਂ ਸਿਰ ਨਾ ਸੌਣਾ ਅਤੇ ਨਾ ਉੱਠਣਾ। ਇੱਕ ਤਰ੍ਹਾਂ ਨਾਲ ਅੱਜਕੱਲ੍ਹ ਕਿਸੇ ਵੀ ਕੰਮ ਵਿੱਚ ਕੋਈ ਨਿਯਮ ਨਹੀਂ ਹਨ। ਜਿਸ ਕਾਰਨ ਤੁਹਾਡਾ ਸਾਰਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਦਿਲ ਦੇ ਦੌਰੇ ਦਾ ਖਤਰਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਆਓ ਜਾਣਦੇ ਹਾਂ ਕਿਹੜੀਆਂ ਆਦਤਾਂ ਹਾਰਟ ਅਟੈਕ (Heart Attack) ਦਾ ਕਾਰਨ ਬਣ ਸਕਦੀਆਂ ਹਨ।
ਸਿਗਰਟਨੋਸ਼ੀ-ਅੱਜ ਕੱਲ੍ਹ ਨੌਜਵਾਨਾਂ ਵਿੱਚ ਸਿਗਰਟ ਪੀਣ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਾਰਨ ਕੈਂਸਰ ਅਤੇ ਹਾਰਟ ਅਟੈਕ ਵਰਗੀਆਂ ਘਾਤਕ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਤੰਬਾਕੂ ਦੇ ਸੇਵਨ ਅਤੇ ਸਿਗਰਟਨੋਸ਼ੀ ਦੀ ਆਦਤ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਦੁੱਗਣੇ ਤੋਂ ਵੱਧ ਹੁੰਦਾ ਹੈ।
ਅਣਹੈਲਦੀ ਭੋਜਨ- ਚੰਗੀ ਸਿਹਤ ਲਈ ਤੁਹਾਨੂੰ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸੰਤੁਲਿਤ ਅਤੇ ਸਿਹਤਮੰਦ ਭੋਜਨ ਦਿਲ ਦੇ ਦੌਰੇ ਅਤੇ ਹੋਰ ਕਈ ਖਤਰਨਾਕ ਬਿਮਾਰੀਆਂ ਨੂੰ ਦੂਰ ਰੱਖਦਾ ਹੈ।
ਸ਼ੂਗਰ, ਬੀਪੀ ਅਤੇ ਉੱਚ ਕੋਲੇਸਟ੍ਰੋਲ- ਸ਼ੂਗਰ ਤੋਂ ਪੀੜਤ ਲੋਕਾਂ ਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਦਾ ਇਕ ਮੁੱਖ ਕਾਰਨ ਹੈ। ਲੰਬੇ ਸਮੇਂ ਤੱਕ ਉੱਚ ਕੋਲੇਸਟ੍ਰੋਲ ਦੀਆਂ ਸਮੱਸਿਆਵਾਂ ਵੀ ਪਲਾਕ ਇਕੱਠਾ ਕਰਨ ਦਾ ਕਾਰਨ ਬਣ ਸਕਦੀਆਂ ਹਨ। ਜਿਸ ਕਾਰਨ ਧਮਨੀਆਂ ਵਿੱਚ ਬਲਾਕੇਜ ਹੋ ਜਾਂਦੀ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।
ਤਣਾਅ ਅਤੇ ਨਸ਼ੇ- ਅੱਜ ਕੱਲ੍ਹ ਨੌਜਵਾਨਾਂ ਵਿੱਚ ਚਿੰਤਾ ਅਤੇ ਤਣਾਅ ਦੀ ਆਦਤ ਵਧਦੀ ਜਾ ਰਹੀ ਹੈ। ਉਨ੍ਹਾਂ ਲਈ ਮਾਮੂਲੀ ਜਿਹੀ ਸਮੱਸਿਆ ਨੂੰ ਵੀ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਯੁਵਾ ਜੋ ਕਿ ਆਪਣੇ ਕੰਮ ਕਰਨ ਵਾਲੀ ਥਾਂ ਦੇ ਵਿੱਚ ਵੀ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਵਧਦੇ ਤਣਾਅ ਕਾਰਨ ਕਈ ਵਾਰ ਨੌਜਵਾਨ ਨਸ਼ੇ ਅਤੇ ਡਰੱਗ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਹ ਦੋਵੇਂ ਕਾਰਨ ਤੁਹਾਡੇ ਦਿਲ ਲਈ ਖ਼ਤਰਾ ਬਣ ਸਕਦੇ ਹਨ।
ਮੋਟਾਪਾ- ਸਰੀਰਕ ਕਸਰਤ ਦੀ ਕਮੀ ਕਾਰਨ ਮੋਟਾਪਾ ਹਾਰਟ ਅਟੈਕ ਸਮੇਤ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਮੋਟਾਪਾ ਵਧਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਇਸ ਲਈ, ਦਿਲ ਦੇ ਦੌਰੇ ਤੋਂ ਬਚਣ ਲਈ ਕਿਰਿਆਸ਼ੀਲ ਜੀਵਨ ਸ਼ੈਲੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹਰ ਰੋਜ਼ ਕੁਝ ਸਰੀਰਕ ਗਤੀਵਿਧੀ ਕਰੋ।
ਹੋਰ ਪੜ੍ਹੋ : ਮਾਨਸੂਨ ਵਿੱਚ ਕੀੜਿਆਂ ਦੇ ਕੱਟਣ 'ਤੇ ਪ੍ਰੇਸ਼ਾਨ ਹੋਣ ਦੀ ਥਾਂ ਵਰਤੋਂ ਇਹ ਘਰੇਲੂ ਉਪਾਅ, ਮਿਲੇਗੀ ਰਾਹਤ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।