Don't eat Potatoes: ਆਲੂ ਇੱਕ ਅਜਿਹੀ ਸਬਜ਼ੀ ਹੈ ਜੋ ਹਰ ਕਿਸੇ ਨੂੰ ਪਸੰਦ ਆਉਂਦੀ ਹੈ ਤੇ ਇਹ ਸਾਡੇ ਇੱਥੇ ਸਭ ਤੋਂ ਵੱਧ ਤਿਆਰ ਕੀਤੀ ਜਾਣ ਵਾਲੀ ਸਬਜ਼ੀ ਹੈ। ਆਲੂ ਨੂੰ ਜ਼ਿਆਦਾਤਰ ਹਰੇਕ ਸਬਜ਼ੀ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ, ਕਿਉਂਕਿ ਆਲੂ ਖਾਣ 'ਚ ਸੁਆਦੀ ਲੱਗਦਾ ਹੈ ਤੇ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਆਲੂ ਵਿਟਾਮਿਨ-ਏ, ਪੋਟਾਸ਼ੀਅਮ, ਵਿਟਾਮਿਨ-ਸੀ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ ਤੇ ਆਇਰਨ ਵਰਗੇ ਬਹੁਤ ਸਾਰੇ ਲਾਭਕਾਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।



ਇਸ ਦੇ ਨਾਲ ਹੀ ਕਾਰਬੋਹਾਈਡ੍ਰੇਟ, ਪ੍ਰੋਟੀਨ, ਗਲੂਕੋਜ਼ ਤੇ ਅਮੀਨੋ ਐਸਿਡ ਦੀ ਮਾਤਰਾ ਵੀ ਪਾਈ ਜਾਂਦੀ ਹੈ। ਆਯੁਰਵੇਦ ਕਹਿੰਦਾ ਹੈ ਕਿ ਆਲੂ 'ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਪਰ ਕੁਝ ਸਮੱਸਿਆਵਾਂ 'ਚ ਆਲੂ ਖਾਣਾ ਬਹੁਤ ਨੁਕਸਾਨਦੇਹ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਸਮੱਸਿਆਵਾਂ 'ਚ ਆਲੂ ਨਹੀਂ ਖਾਣਾ ਚਾਹੀਦਾ ਹੈ?

ਐਸੀਡਿਟੀ - ਐਸੀਡਿਟੀ 'ਚ ਆਲੂਆਂ ਦਾ ਸੇਵਨ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਲੂਆਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ। ਇਸ ਤੋਂ ਇਲਾਵਾ ਆਲੂਆਂ ਦਾ ਸੇਵਨ ਕਰਨ ਨਾਲ ਗੈਸ ਬਣਨ ਦੀ ਸਮੱਸਿਆ ਵੀ ਹੋ ਸਕਦੀ ਹੈ, ਕੁਝ ਲੋਕਾਂ ਨੂੰ ਆਲੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ ਫੁੱਲਣ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਕਾਰਨ ਡਾਕਟਰ ਐਸੀਡਿਟੀ 'ਚ ਆਲੂ ਖਾਣ ਤੋਂ ਮਨ੍ਹਾ ਕਰਦੇ ਹਨ।

ਸ਼ੂਗਰ - ਸ਼ੂਗਰ ਦੇ ਮਰੀਜ਼ਾਂ ਨੂੰ ਆਲੂਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਹੜੇ ਲੋਕ ਟਾਈਪ-2 ਡਾਇਬਟੀਜ਼ ਜਾਂ ਹਾਈ ਬਲੱਡ ਸ਼ੂਗਰ ਤੋਂ ਪੀੜ੍ਹਤ ਹਨ, ਉਨ੍ਹਾਂ ਨੂੰ ਆਲੂਆਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਲੂ 'ਚ ਗਲਾਈਸੈਮਿਕ ਇੰਡੈਕਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਸ ਦੇ ਸੇਵਨ ਨਾਲ ਸਰੀਰ 'ਚ ਬਲੱਡ ਸ਼ੂਗਰ ਮਤਲਬ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਸ਼ੂਗਰ ਦੀ ਸਮੱਸਿਆ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ।

ਬਲੱਡ ਪ੍ਰੈਸ਼ਰ - ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਸੰਤੁਲਿਤ ਮਾਤਰਾ 'ਚ ਆਲੂਆਂ ਦਾ ਸੇਵਨ ਕਰਨਾ ਚਾਹੀਦਾ ਹੈ, ਜ਼ਿਆਦਾ ਆਲੂ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਆਲੂ ਘੱਟ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ।

ਮੋਟਾਪਾ - ਜਿਨ੍ਹਾਂ ਲੋਕਾਂ ਦਾ ਭਾਰ ਜਲਦੀ ਵੱਧ ਜਾਂਦਾ ਹੈ, ਉਨ੍ਹਾਂ ਨੂੰ ਆਲੂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਮੋਟਾਪੇ ਦੀ ਸਮੱਸਿਆ 'ਚ ਆਲੂ ਬਹੁਤ ਨੁਕਸਾਨਦੇਹ ਹੁੰਦੇ ਹਨ, ਆਲੂ 'ਚ ਕਾਫੀ ਮਾਤਰਾ 'ਚ ਕਾਰਬੋਹਾਈਡ੍ਰੇਟ ਹੁੰਦੇ ਹਨ, ਜਿਸ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ ਤਾਂ ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਫਿਰ ਬਹੁਤ ਘੱਟ ਮਾਤਰਾ 'ਚ ਆਲੂ ਦਾ ਸੇਵਨ ਕਰੋ।

ਗਠੀਆ - ਅਰਥਰਾਈਟਿਸ ਅਤੇ ਗਠੀਆ ਦੇ ਮਰੀਜ਼ਾਂ ਨੂੰ ਆਲੂਆਂ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਗਠੀਆ ਦੇ ਮਰੀਜ਼ ਹੋ ਤਾਂ ਤੁਹਾਨੂੰ ਘੱਟ ਤੇਲ 'ਚ ਬਣੇ ਆਲੂ ਤੇ ਛਿਲਕੇ ਸਮੇਤ ਆਲੂ ਖਾਣਾ ਚਾਹੀਦਾ ਹੈ। ਆਲੂ ਗਠੀਆ ਰੋਗ ਨੂੰ ਹੋਰ ਵਧਾ ਸਕਦਾ ਹੈ।

Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।