ਦੁੱਧ ਵਿਚ ਮੌਜੂਦ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਦੁੱਧ ਪੀਣ ਨਾਲ ਅਣਗਿਣਤ ਫਾਇਦੇ ਮਿਲਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਦੁੱਧ ਤਾਂ ਪੀਂਦੇ ਹਨ ਪਰ ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਮਿਲਦਾ। ਗਲਤ ਸਮੇਂ ਉਤੇ ਦੁੱਧ ਪੀਣਾ ਵੀ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। 


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਦੁੱਧ ਪੀਣ ਦੇ ਸਮੇਂ ਨੂੰ ਲੈ ਕੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ ਪਰ ਮਾਹਿਰ ਰਾਤ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਰਿਪੋਰਟ ਮੁਤਾਬਕ ਰਾਤ ਨੂੰ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਤੋਂ ਇਲਾਵਾ, ਸੌਣ ਵੇਲੇ ਸਰੀਰਕ ਗਤੀਵਿਧੀ ਦਾ ਪੱਧਰ ਵੀ ਘੱਟ ਜਾਂਦਾ ਹੈ। ਇਸ ਲਈ ਸਰੀਰ ਦੁੱਧ ਤੋਂ ਵੱਧ ਤੋਂ ਵੱਧ ਕੈਲਸ਼ੀਅਮ ਸੋਖ ਲੈਂਦਾ ਹੈ। ਇਸ ਲਈ ਇਹ ਸਮਾਂ ਦੁੱਧ ਪੀਣ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਜੇਕਰ ਤੁਸੀਂ ਦਿਨ ‘ਚ ਦੁੱਧ ਪੀਂਦੇ ਹੋ ਤਾਂ ਵੀ ਕੋਈ ਨੁਕਸਾਨ ਨਹੀਂ ਹੁੰਦਾ।



ਇਨਸੌਮਨੀਆ ਨੂੰ ਰੋਕਦਾ ਹੈ ਦੁੱਧ: ਦਿਨ ਦੀ ਬਜਾਏ ਰਾਤ ਨੂੰ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਰੋਜ਼ਾਨਾ ਰਾਤ ਨੂੰ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਇਹ ਤੁਹਾਨੂੰ ਇਨਸੌਮਨੀਆ ਦਾ ਸ਼ਿਕਾਰ ਹੋਣ ਤੋਂ ਬਚਾਏਗਾ।


ਮਾਸਪੇਸ਼ੀਆਂ ਅਤੇ ਹੱਡੀਆਂ ਹੋਣਗੀਆਂ ਮਜ਼ਬੂਤ : ਨਿਯਮਿਤ ਰੂਪ ਨਾਲ ਦੁੱਧ ਪੀਣਾ ਚੰਗੀਆਂ ਆਦਤਾਂ ਵਿਚੋਂ ਇੱਕ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਦੀਆਂ ਤੋਂ, ਸਰੀਰ ਨੂੰ ਤੰਦਰੁਸਤ ਰੱਖਣ ਲਈ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ। ਪਰ ਜੇਕਰ ਤੁਸੀਂ ਬਾਲਗ ਹੋ ਤਾਂ ਰਾਤ ਨੂੰ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਹੋਵੇਗਾ। ਦੁੱਧ ਪੀਣ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਦਰਅਸਲ, ਦੁੱਧ ਕੈਲਸ਼ੀਅਮ ਦਾ ਚੰਗਾ ਸਰੋਤ ਹੈ, ਜੋ ਦੰਦਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।


ਊਰਜਾ ਦੀ ਭਰਪਾਈ: ਕੁਝ ਲੋਕ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ਲੋਕਾਂ ਲਈ ਦੁੱਧ ਦਾ ਸੇਵਨ ਬਿਹਤਰ ਵਿਕਲਪ ਹੈ। ਜੇਕਰ ਤੁਸੀਂ ਨਿਯਮਿਤ ਰੂਪ ਨਾਲ ਦੁੱਧ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਊਰਜਾ ਨਾਲ ਭਰਪੂਰ ਰਹੋਗੇ।


ਖਾਲੀ ਪੇਟ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਖਾਲੀ ਪੇਟ ਦੁੱਧ ਪੀਣ ਨਾਲ ਕਬਜ਼ ਅਤੇ ਗੈਸ ਹੋ ਸਕਦੀ ਹੈ। ਇਸ ਦੇ ਨਾਲ ਹੀ ਪਾਚਨ ਸਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਦੀ ਲੋੜ ਹੁੰਦੀ ਹੈ। ਹਾਲਾਂਕਿ, ਛੋਟੇ ਬੱਚੇ ਕਿਸੇ ਵੀ ਸਮੇਂ ਦੁੱਧ ਪੀ ਸਕਦੇ ਹਨ। ਇਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਦਦ ਮਿਲਦੀ ਹੈ ਅਤੇ ਦਿਨ ਭਰ ਊਰਜਾ ਵੀ ਮਿਲਦੀ ਹੈ।