White Hair Treatment: ਆਮ ਤੌਰ 'ਤੇ ਲੋਕਾਂ ਦੇ ਵਾਲ 50 ਸਾਲ ਦੀ ਉਮਰ ਤੋਂ ਬਾਅਦ ਸਫੈਦ ਹੋ ਜਾਂਦੇ ਹਨ ਪਰ ਅੱਜ-ਕੱਲ੍ਹ ਵਾਲ 30 ਸਾਲ ਦੀ ਉਮਰ 'ਚ ਹੀ ਚਿੱਟੇ ਹੋਣ ਲੱਗਦੇ ਹਨ। ਇਹ ਸਮੱਸਿਆਵਾਂ ਜੈਨੇਟਿਕ ਕਾਰਨਾਂ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਮਾਨਸਿਕ ਤਣਾਅ ਤੇ ਖੁਰਾਕ ਵਿੱਚ ਪੋਸ਼ਣ ਦੀ ਕਮੀ ਕਾਰਨ ਹੋ ਰਹੀਆਂ ਹਨ।


ਛੋਟੀ ਉਮਰੇ ਵਾਲਾਂ ਦਾ ਸਫ਼ੈਦ ਹੋਣਾ ਇੱਕ ਵੱਡੀ ਸਮੱਸਿਆ ਬਣ ਰਹੀ ਹੈ। ਕਈ ਲੋਕ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਡਾਈ ਵੀ ਲਾਉਂਦੇ ਹਨ ਪਰ ਡਾਈ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਯੁਰਵੇਦ ਦੀ ਮਦਦ ਲਓ। ਆਯੁਰਵੇਦ ਦੇ ਕੁਝ ਨੁਸਖੇ ਅਪਣਾ ਕੇ ਵਾਲਾਂ ਦੇ ਸਫੈਦ ਹੋਣ ਤੋਂ ਬਚਿਆ ਜਾ ਸਕਦਾ ਹੈ।



ਆਯੁਰਵੇਦ ਮਾਹਿਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ 'ਚ ਹੀ ਵਾਲ ਸਫੈਦ ਹੋ ਰਹੇ ਹਨ। ਇਹ ਮੇਲਾਨਿਨ ਦੇ ਘੱਟ ਉਤਪਾਦਨ ਕਾਰਨ ਵੀ ਹੁੰਦਾ ਹੈ। ਕੁਝ ਲੋਕਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਵਾਲ ਜਲਦੀ ਸਫੈਦ ਹੋਣ ਲੱਗਦੇ ਹਨ। ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਆਯੁਰਵੇਦ ਦੇ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ। ਤੁਸੀਂ ਇਨ੍ਹਾਂ ਸੁਝਾਵਾਂ ਦੀ ਪਾਲਣਾ ਕਰ ਸਕਦੇ ਹੋ।


1. ਭ੍ਰੰਗਰਾਜ
ਭ੍ਰੰਗਰਾਜ ਵਾਲਾਂ ਲਈ ਵਧੀਆ ਦਵਾਈ ਹੈ। ਇਸ ਆਯੁਰਵੈਦਿਕ ਜੜੀ-ਬੂਟੀ ਦੀ ਮਦਦ ਨਾਲ ਵਾਲਾਂ ਦੇ ਸਫੈਦ ਹੋਣ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਭ੍ਰੰਗਰਾਜ ਪਾਊਡਰ ਨੂੰ ਪਾਣੀ ਜਾਂ ਦਹੀਂ ਵਿੱਚ ਮਿਲਾ ਕੇ ਇੱਕ ਮਾਸਕ ਤਿਆਰ ਕਰੋ ਤੇ ਇਸ ਨੂੰ ਆਪਣੇ ਵਾਲਾਂ 'ਤੇ ਲਗਾਓ। ਇਸ ਹੇਅਰ ਮਾਸਕ ਨੂੰ ਵਾਲਾਂ 'ਤੇ ਘੱਟ ਤੋਂ ਘੱਟ 15 ਮਿੰਟ ਤੱਕ ਲਗਾ ਕੇ ਰੱਖੋ ਤੇ ਬਾਅਦ 'ਚ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਸਾਫ ਕਰ ਲਓ।


2. ਨਾਰੀਅਲ ਦਾ ਤੇਲ
ਨਾਰੀਅਲ ਤੇਲ ਵਾਲਾਂ ਲਈ ਵੀ ਚੰਗੀ ਦਵਾਈ ਹੈ। ਇਸ ਨਾਲ ਵਾਲਾਂ ਦਾ ਸਫੈਦ ਹੋਣਾ ਮੱਠਾ ਹੋ ਸਕਦਾ ਹੈ। ਨਾਰੀਅਲ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਵਾਲਾਂ 'ਤੇ ਲਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।


3. ਮਹਿੰਦੀ ਤੇ ਮੇਥੀ
ਦੇਸੀ ਮਹਿੰਦੀ ਤੇ ਮੇਥੀ ਪਾਊਡਰ ਦਾ ਘੋਲ ਬਣਾ ਲਓ। ਇਸ ਘੋਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ ਤੇ ਇਸ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਵੀ ਮਿਲਾਓ। ਮਾਲਸ਼ ਕਰਨ ਤੋਂ ਬਾਅਦ ਆਪਣੇ ਸਿਰ ਨੂੰ ਧੋ ਲਵੋ।


4. ਆਂਵਲਾ ਤੇ ਤਿਲ
ਆਂਵਲਾ ਤੇ ਤਿਲ ਵੀ ਵਾਲਾਂ ਨੂੰ ਸਫੈਦ ਹੋਣ ਤੋਂ ਰੋਕ ਸਕਦੇ ਹਨ। ਆਂਵਲੇ ਨੂੰ ਪੀਸ ਕੇ ਇਸ ਵਿੱਚ ਤਿਲ ਮਿਲਾ ਕੇ ਪੇਸਟ ਬਣਾ ਲਓ। ਇਨ੍ਹਾਂ ਨੂੰ ਮਿਲਾ ਕੇ ਵਾਲਾਂ 'ਤੇ ਲਾਓ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਓ ਤੇ ਫਿਰ ਸਿਰ ਨੂੰ ਧੋ ਲਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।


5. ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਡਾਕਟਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਦੇ ਇਨ੍ਹਾਂ ਨੁਸਖਿਆਂ ਨਾਲ ਕਾਲੇ ਵਾਲਾਂ ਦੇ ਸਫੈਦ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ, ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਦਾ ਧਿਆਨ ਰੱਖੋ। ਜ਼ਿੰਦਗੀ ਵਿੱਚ ਮਾਨਸਿਕ ਤਣਾਅ ਨਾ ਲਓ ਤੇ ਆਪਣੀ ਖੁਰਾਕ ਵਿਚ ਪ੍ਰੋਟੀਨ ਤੇ ਵਿਟਾਮਿਨ ਸ਼ਾਮਲ ਕਰੋ।


ਸਿਹਤ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖੋਗੇ ਤਾਂ ਆਯੁਰਵੇਦ ਦੇ ਇਨ੍ਹਾਂ ਤਰੀਕਿਆਂ ਦਾ ਪਾਲਣ ਕਰਨ ਦਾ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਅਜਿਹੇ 'ਚ ਆਪਣੀ ਅੰਦਰੂਨੀ ਸਿਹਤ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਤੁਸੀਂ ਇਨ੍ਹਾਂ ਟਿਪਸ ਨੂੰ ਵੀ ਅਪਣਾ ਸਕਦੇ ਹੋ।