How to check Gold real or fake: ਧਨਤੇਰਸ ਤੇ ਦੀਵਾਲੀ ਦੇ ਤਿਉਹਾਰ ਨੇੜੇ ਆ ਰਹੇ ਹਨ। ਗਾਹਕਾਂ 'ਚ ਉਤਸ਼ਾਹ ਤੇ ਬਾਜ਼ਾਰ 'ਚ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਨਤੇਰਸ 'ਤੇ ਸੋਨੇ ਤੇ ਗਹਿਣਿਆਂ ਦੀ ਭਾਰੀ ਖਰੀਦਦਾਰੀ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਅਕਸਰ ਸਵਾਲ ਦਿਮਾਗ ਵਿੱਚ ਆਉਂਦਾ ਹੈ ਕਿ ਬਾਜ਼ਾਰ ਵਿੱਚੋਂ ਖਰੀਦੇ ਸੋਨੇ ਦੇ ਗਹਿਣਿਆਂ ਵਿੱਚ ਮਿਲਾਵਟ ਤਾਂ ਨਹੀਂ। 



ਦਰਅਸਲ ਇਸ ਸੱਚ ਹੈ ਕਿ ਤਿਉਹਾਰੀ ਸੀਜ਼ਨ ਦਾ ਫਾਇਦਾ ਉਠਾਉਣ ਲਈ ਕਈ ਦੁਕਾਨਦਾਰ ਧੋਖਾਧੜੀ ਦਾ ਸਹਾਰਾ ਲੈਂਦੇ ਹਨ। ਅਜਿਹੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਕਿ ਸੁਨਿਆਰੇ ਨੇ 22 ਕੈਰੇਟ ਦੇ ਗਹਿਣੇ ਕਹਿ ਕੇ 18 ਕੈਰੇਟ ਦੇ ਗਹਿਣੇ ਮੜ੍ਹ ਦਿੱਤੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ 18 ਤੇ 22 ਕੈਰੇਟ ਸੋਨੇ ਦੀ ਕੀਮਤ 'ਚ ਹਜ਼ਾਰਾਂ ਰੁਪਏ ਦਾ ਫਰਕ ਹੈ। ਇਸ ਲਈ ਇਸ ਧੋਖਾਧੜੀ ਕਾਰਨ ਦੁਕਾਨਦਾਰ ਪੈਸੇ ਤਾਂ ਕਮਾ ਲੈਂਦਾ ਹੈ ਪਰ ਗਾਹਕ ਨੂੰ ਨਾ ਸਿਰਫ਼ ਪੈਸੇ ਦਾ ਨੁਕਸਾਨ ਹੁੰਦਾ ਹੈ, ਸਗੋਂ ਘਟੀਆ ਕੁਆਲਿਟੀ ਦੇ ਗਹਿਣੇ ਵੀ ਲੈਣੇ ਪੈਂਦੇ ਹਨ।



ਗਹਿਣਿਆਂ ਦੀ ਸ਼ੁੱਧਤਾ ਦਾ ਕੀ ਚਿੰਨ੍ਹ?
ਕੁਝ ਸਾਲ ਪਹਿਲਾਂ, ਸਰਕਾਰ ਨੇ ਸਾਰੇ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਸੀ। ਹੁਣ ਚਾਹੇ ਕੋਈ ਵੱਡੇ ਸ਼ਹਿਰ ਦਾ ਸੁਨਿਆਰਾ ਹੋਵੇ ਜਾਂ ਪਿੰਡ ਜਾਂ ਕਸਬੇ ਵਿੱਚ ਦੁਕਾਨ ਖੋਲ੍ਹਣ ਵਾਲਾ ਜਿਊਲਰ ਹੋਵੇ। ਸਾਰਿਆਂ ਨੂੰ ਸਿਰਫ਼ ਹਾਲਮਾਰਕ ਵਾਲੇ ਗਹਿਣੇ ਹੀ ਵੇਚਣੇ ਪੈਣਗੇ। ਸਾਰੇ ਸੋਨੇ ਦੇ ਗਹਿਣਿਆਂ 'ਤੇ ਤਿੰਨ ਤਰ੍ਹਾਂ ਦੇ ਚਿੰਨ੍ਹ ਹੁੰਦੇ ਹਨ, ਜੋ ਇਸ ਦੀ ਸ਼ੁੱਧਤਾ ਦੀ ਗਾਰੰਟੀ ਦਿੰਦੇ ਹਨ। ਇਹ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦਾ ਤਿਕੋਣਾ ਲੋਗੋ, 6-ਅੰਕਾਂ ਵਾਲਾ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (HUID) ਕੋਡ ਤੇ ਕੈਰੇਟ ਦੀ ਜਾਣਕਾਰੀ ਦੇਣ ਵਾਲੇ ਨੰਬਰ। ਇਨ੍ਹਾਂ ਨੰਬਰਾਂ ਦੀ ਹੇਰਾਫੇਰੀ ਕਰਕੇ ਹੀ ਸੁਨਿਆਰੇ ਗਾਹਕਾਂ ਨੂੰ ਠੱਗਦੇ ਹਨ।


ਇਹ ਨੰਬਰ ਸਲਿੱਪ 'ਤੇ ਲਿਖ ਕੇ ਲੈ ਜਾਓ
ਜਦੋਂ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਲਈ ਬਾਹਰ ਜਾਂਦੇ ਹੋ, ਤਾਂ ਇਨ੍ਹਾਂ ਨੰਬਰਾਂ ਨੂੰ ਕਾਗਜ਼ ਦੀ ਪਰਚੀ 'ਤੇ ਲਿਖ ਲਵੋ। ਅਸਲ 'ਚ ਗਹਿਣਿਆਂ 'ਤੇ 22 ਜਾਂ 24 ਕੈਰੇਟ ਨਹੀਂ ਲਿਖਿਆ ਹੁੰਦਾ, ਸਗੋਂ ਕੁਝ ਨੰਬਰ ਲਿਖੇ ਹੁੰਦੇ ਹਨ, ਜੋ ਇਨ੍ਹਾਂ ਕੈਰੇਟ ਬਾਰੇ ਦੱਸਦੇ ਹਨ। ਆਮ ਆਦਮੀ ਨੂੰ ਇਨ੍ਹਾਂ ਨੰਬਰਾਂ ਦੀ ਜਾਣਕਾਰੀ ਨਹੀਂ ਹੁੰਦੀ ਤੇ ਸੁਨਿਆਰੇ ਇਸ ਦਾ ਫਾਇਦਾ ਉਠਾਉਂਦੇ ਹਨ। ਇਸ ਲਈ, ਇਨ੍ਹਾਂ ਨੰਬਰਾਂ ਨੂੰ ਆਪਣੇ ਮੋਬਾਈਲ ਜਾਂ ਕਾਗਜ਼ ਦੀ ਪਰਚੀ ਵਿੱਚ ਲਿਖ ਕੇ ਰੱਖੋ ਤੇ ਗਹਿਣੇ ਖਰੀਦਦੇ ਸਮੇਂ ਇਨ੍ਹਾਂ ਨੰਬਰਾਂ ਦੀ ਜਾਂਚ ਕਰੋ। 24 ਕੈਰੇਟ ਸੋਨੇ 'ਤੇ 999, 23 ਕੈਰੇਟ ਸੋਨੇ 'ਤੇ 958, 22 ਕੈਰੇਟ ਸੋਨੇ 'ਤੇ 916 ਤੇ 21 ਕੈਰੇਟ ਸੋਨੇ 'ਤੇ 875 ਲਿਖਿਆ ਹੋਏਗਾ, ਜਦਕਿ 18 ਕੈਰੇਟ ਸੋਨੇ 'ਤੇ 750 ਲਿਖਿਆ ਹੋਏਗਾ। 


ਐਪ 'ਤੇ ਹਾਲਮਾਰਕ ਦੀ ਜਾਂਚ ਕਰੋ
ਜਦੋਂ ਤੁਸੀਂ ਗਹਿਣੇ ਖਰੀਦ ਰਹੇ ਹੋ, ਤਾਂ ਤੁਹਾਨੂੰ ਇਸ ਦਾ ਭੁਗਤਾਨ ਕਰਨ ਤੋਂ ਪਹਿਲਾਂ ਹਾਲਮਾਰਕ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਚਾਹੀਦਾ ਹੈ। ਇਸ 'ਤੇ ਨਾ ਤਾਂ ਕੋਈ ਦਾਗ ਜਾਂ ਧੱਬਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ ਦਾ ਰੰਗ ਤੇ ਚਮਕ ਗਹਿਣਿਆਂ ਤੋਂ ਵੱਖ ਹੋਣੀ ਚਾਹੀਦੀ ਹੈ। ਇਸ ਦੀ ਸਹੀ ਜਾਂਚ ਕਰਨ ਤੋਂ ਬਾਅਦ ਹੀ ਭੁਗਤਾਨ ਕਰੋ। ਤੁਸੀਂ BIS ਕੇਅਰ ਐਪ ਨਾਲ ਪਛਾਣ ਕਰ ਸਕਦੇ ਹੋ ਕਿ ਹਾਲਮਾਰਕ ਅਸਲੀ ਹੈ ਜਾਂ ਨਕਲੀ, ਜਿਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜਿਵੇਂ ਹੀ ਤੁਸੀਂ ਇਸ ਐਪ ਵਿੱਚ UHID ਨੰਬਰ ਦਰਜ ਕਰੋਗੇ, ਉਸ ਗਹਿਣਿਆਂ ਦਾ ਵੇਰਵਾ ਸਾਹਮਣੇ ਆਵੇਗਾ। ਜੇਕਰ ਵੇਰਵੇ ਉਪਲਬਧ ਨਹੀਂ ਤਾਂ ਸਮਝੋ ਕਿ ਹਾਲਮਾਰਕ ਨੰਬਰ ਜਾਅਲੀ ਹੈ।


ਘਰ ਵਿੱਚ ਅਸਲੀ ਸੋਨੇ ਦੀ ਪਛਾਣ ਕਿਵੇਂ ਕਰੀਏ


1. ਸੋਨੇ 'ਤੇ ਸਿਰਕੇ ਦੀ ਇੱਕ ਬੂੰਦ ਪਾਓ, ਜੇਕਰ ਰੰਗ ਨਹੀਂ ਬਦਲਦਾ ਤਾਂ ਸੋਨਾ ਅਸਲੀ ਹੈ।
2. ਚੁੰਬਕ ਲਗਾਉਣ ਨਾਲ ਸੋਨਾ ਚਿਪਕਦਾ ਨਹੀਂ, ਜੇਕਰ ਚਿਪਕ ਜਾਵੇ ਤਾਂ ਨਕਲੀ ਹੈ।
3. ਵਸਰਾਵਿਕ ਪੱਥਰ 'ਤੇ ਸੋਨੇ ਨੂੰ ਰਗੜੋ, ਜੇ ਇਹ ਸੁਨਹਿਰੀ ਨਿਸ਼ਾਨ ਛੱਡਦਾ ਹੈ ਤਾਂ ਇਹ ਅਸਲੀ ਹੈ।
4. ਇੱਕ ਵੱਡੇ ਭਾਂਡੇ ਨੂੰ ਪਾਣੀ ਨਾਲ ਭਰੋ ਤੇ ਗਹਿਣੇ ਇਸ ਵਿੱਚ ਸੁੱਟ ਦੇਵੋ, ਜੇਕਰ ਇਹ ਡੁੱਬ ਜਾਵੇ ਤਾਂ ਇਹ ਅਸਲੀ ਹੈ।
ਅਸਲ ਵਿੱਚ, ਸੋਨਾ ਭਾਵੇਂ ਕਿੰਨਾ ਵੀ ਹਲਕਾ ਕਿਉਂ ਨਾ ਹੋਵੇ, ਉਹ ਪਾਣੀ ਮਿਲਦੇ ਹੀ ਇਹ ਡੁੱਬ ਜਾਵੇਗਾ।