Air Pollution: ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਇੱਕ ਵਾਰ ਫਿਰ ਡੂੰਘਾ ਹੁੰਦਾ ਜਾ ਰਿਹਾ ਹੈ। ਹਰ ਸਾਲ ਮੌਸਮ ਵਿੱਚ ਤਬਦੀਲੀ, ਪਟਾਕਿਆਂ ਤੇ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ। ਬੇਸ਼ੱਕ ਇਸ ਲਈ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਵੱਡਾ ਮੁੱਦਾ ਬਣਾਇਆ ਜਾਂਦਾ ਹੈ ਪਰ ਇਸ ਲਈ ਉਦਯੋਗ, ਵਾਹਨ ਤੇ ਤਿਉਹਾਰੀ ਸੀਜ਼ਨ ਵਿੱਚ ਪਟਾਕੇ ਚਲਾਉਣੇ ਆਦਿ ਵੀ ਬਰਾਬਰ ਦੇ ਜ਼ਿੰਮੇਵਾਰ ਹਨ।
ਬੇਸ਼ੱਕ ਪ੍ਰਦੂਸ਼ਣ ਲਈ ਸਰਕਾਰਾਂ ਵੀ ਜ਼ਿੰਮੇਵਾਰ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨਾਲ ਅਸੀਂ ਆਪਣੀਆਂ ਨਸਲਾਂ ਨੂੰ ਵੀ ਬਰਬਾਦ ਕਰ ਰਹੇ ਹਾਂ। ਜੀ ਹਾਂ, ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਅਸਰ ਬੱਚਿਆਂ ਉੱਪਰ ਪੈ ਰਿਹਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦਾ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਾਹਨਾਂ ਦਾ ਧੂੰਆਂ, ਪਟਾਕਿਆਂ ਦਾ ਧੂੰਆਂ, ਧੂੜ ਤੇ ਪਰਾਲੀ ਦੇ ਸੜੇ ਕਣ ਹਵਾ ਵਿੱਚ ਇਸ ਹੱਦ ਤੱਕ ਰਲ ਜਾਂਦੇ ਹਨ ਕਿ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਜ਼ਹਿਰੀਲੀ ਹਵਾ ਮਨੁੱਖ ਨੂੰ ਮੌਤ ਵੱਲ ਲਿਜਾ ਰਹੀ ਹੈ।
ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਬੱਚਿਆਂ ਲਈ ਬਹੁਤ ਖਤਰਨਾਕ ਹੈ। ਬੱਚਿਆਂ ਦੇ ਅੰਗ ਨਾਜੁਕ ਹੁੰਦੇ ਹਨ। ਅਜਿਹੇ ਵਿੱਚ ਬੱਚਿਆਂ ਨੂੰ ਇਸ ਪ੍ਰਦੂਸ਼ਣ ਤੋਂ ਬਚਾਉਣ ਵੱਡੀ ਚੁਣੌਤੀ ਹੈ। ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਨਿਮੋਨੀਆ, ਫੇਫੜਿਆਂ ਦੀ ਸਮੱਸਿਆ, ਸਾਹ ਦੀ ਬਿਮਾਰੀ, ਕਮਜ਼ੋਰ ਦਿਲ, ਬ੍ਰੌਨਕਾਈਟਸ, ਸਾਈਨਸ ਤੇ ਦਮਾ ਵਰਗੀਆਂ ਬਿਮਾਰੀਆਂ ਦੇ ਹਮਲੇ ਦਾ ਖਤਰਾ ਰਹਿੰਦਾ ਹੈ। ਬੱਚਿਆਂ ਦੇ ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਇਸ ਪ੍ਰਦੂਸ਼ਣ ਵਿੱਚ ਸਾਹ ਲੈਣ ਵਾਲੇ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਬੱਚਿਆਂ ਨੂੰ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਾਇਆ ਜਾਵੇ
ਹਰ ਮਾਤਾ-ਪਿਤਾ ਲਈ ਆਪਣੇ ਬੱਚਿਆਂ ਨੂੰ ਇਸ ਖਤਰਨਾਕ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਜ਼ਰੂਰੀ ਹੈ। ਇਸ ਲਈ ਬੱਚਿਆਂ ਲਈ ਵਿਸ਼ੇਸ਼ ਤੇ ਸੁਰੱਖਿਅਤ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਘਰ 'ਚ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਤੁਸੀਂ ਕਈ ਤਰ੍ਹਾਂ ਦੇ ਪੌਦੇ ਰੱਖ ਸਕਦੇ ਹੋ। ਤੁਸੀਂ ਘਰ ਵਿੱਚ ਏਅਰ ਪਿਊਰੀਫਾਇਰ ਦੀ ਵਰਤੋਂ ਵੀ ਕਰ ਸਕਦੇ ਹੋ ਤਾਂ ਜੋ ਘਰ ਦੇ ਅੰਦਰ ਦੀ ਹਵਾ ਸਾਫ਼ ਤੇ ਸਿਹਤਮੰਦ ਰਹੇ।
ਬੱਚੇ ਅਕਸਰ ਖੇਡਣ ਲਈ ਬਾਹਰ ਜਾਂਦੇ ਹਨ, ਅਜਿਹੀ ਸਥਿਤੀ ਵਿੱਚ ਬੱਚੇ ਨੂੰ ਮਾਸਕ ਪਾ ਕੇ ਭੇਜਣ ਦੀ ਕੋਸ਼ਿਸ਼ ਕਰੋ। ਉਸ ਨੂੰ ਬਾਹਰ ਭੇਜਣ ਤੋਂ ਪਹਿਲਾਂ ਉਸ ਨੂੰ ਪੀਣ ਲਈ ਪਾਣੀ ਦੇਣਾ ਯਕੀਨੀ ਬਣਾਓ। ਜਦੋਂ ਬੱਚਾ ਬਾਹਰੋਂ ਆਵੇ ਤਾਂ ਉਸ ਨੂੰ ਗਰਮ ਪਾਣੀ ਦੀ ਭਾਫ਼ ਦਿਓ। ਇਸ ਨਾਲ ਇਸ ਦੇ ਅੰਦਰਲੇ ਪ੍ਰਦੂਸ਼ਿਤ ਹਵਾ ਦੇ ਕਣਾਂ ਨੂੰ ਬਾਹਰ ਆਉਣਾ ਆਸਾਨ ਹੋ ਜਾਵੇਗਾ। ਬੱਚਿਆਂ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਖੁਰਾਕ 'ਚ ਵਿਟਾਮਿਨ ਸੀ ਤੇ ਜ਼ਿੰਕ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਯਕੀਨੀ ਬਣਾਓ ਕਿ ਤੁਹਾਡਾ ਬੱਚਾ ਯੋਗਾ ਕਰਦਾ ਹੈ।