International Women's Day 2024: ਜ਼ਿੰਦਗੀ ਦਾ ਹਰ ਰਿਸ਼ਤਾ ਔਰਤ ਦੇ ਨਾਲ ਜੁੜਿਆ ਹੁੰਦਾ ਭਾਵੇਂ ਉਹ ਔਰਤ ਮਾਂ ਹੋਵੇ, ਧੀ ਹੋਵੇ, ਭੈਣ ਹੋਵੇ ਜਾਂ ਫਿਰ ਪਤਨੀ ਹੋਵੇ। ਔਰਤਾਂ ਦੇ ਸਨਮਾਨ ਦੇ ਲਈ ਹਰ ਸਾਲ 8 ਮਾਰਚ ਨੂੰ, ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਹਰ ਦਿਨ ਔਰਤਾਂ ਲਈ ਖਾਸ ਹੋਣਾ ਚਾਹੀਦਾ ਹੈ ਪਰ ਇਸ ਦਿਨ ਖਾਸ ਤੌਰ 'ਤੇ ਔਰਤਾਂ ਦੇ ਸੰਘਰਸ਼ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ "Behind every successful man, there is a woman", ਜਿਸ ਦਾ ਮਤਲਬ ਹੈ ਇੱਕ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ।



ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮੁੱਖ ਉਦੇਸ਼ ਔਰਤਾਂ ਨੂੰ ਉਤਸ਼ਾਹਿਤ ਕਰਨਾ ਹੈ ਕਿ ਉਹ ਆਪਣੇ ਦਮ 'ਤੇ ਅੱਗੇ ਵਧਣ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ।  ਅੱਜ ਇਸ ਆਰਟੀਕਲ ਦੇ ਰਾਹੀਂ ਜਾਣਦੇ ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਅਤੇ ਇਸ ਦੇ ਮਹੱਤਵ ਬਾਰੇ ।


ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ


ਯੂਨੈਸਕੋ ਅਨੁਸਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਰੁਝਾਨ ਵੀਹਵੀਂ ਸਦੀ ਵਿੱਚ ਸ਼ੁਰੂ ਹੋਇਆ। ਇਸ ਦਿਨ ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਮਜ਼ਦੂਰ ਅੰਦੋਲਨ ਸ਼ੁਰੂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਵਿੱਚ ਕੱਪੜਾ ਮਜ਼ਦੂਰਾਂ ਵੱਲੋਂ ਕੀਤੀ ਗਈ ਹੜਤਾਲ ਦੀ ਯਾਦ ਵਿੱਚ 28 ਫਰਵਰੀ 1909 ਨੂੰ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ। ਇਸ ਦੌਰਾਨ ਔਰਤਾਂ ਨੇ ਸਖਤ ਅਤੇ ਬੇਰਹਿਮੀ ਨਾਲ ਕੰਮ ਕਰਨ ਦੇ ਖਿਲਾਫ ਆਵਾਜ਼ ਉਠਾਈ ਸੀ।


ਕਿਸ ਦਿਨ ਮਨਾਇਆ ਜਾਂਦਾ ਹੈ


ਇਸ ਤੋਂ ਬਾਅਦ, 1945 ਵਿੱਚ, ਸੰਯੁਕਤ ਰਾਸ਼ਟਰ ਚਾਰਟਰ ਪਹਿਲਾ ਅੰਤਰਰਾਸ਼ਟਰੀ ਸਮਝੌਤਾ ਬਣ ਗਿਆ ਜਿਸ ਵਿੱਚ ਇਹ ਨਿਯਮ ਲਾਗੂ ਕੀਤਾ ਗਿਆ ਸੀ ਕਿ ਮਰਦ ਅਤੇ ਔਰਤ ਦੋਵੇਂ ਬਰਾਬਰ ਹਨ। ਸੰਯੁਕਤ ਰਾਸ਼ਟਰ ਨੇ ਅਧਿਕਾਰਤ ਤੌਰ 'ਤੇ 8 ਮਾਰਚ, 1975 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਨਤਾ ਦਿੱਤੀ। ਉਦੋਂ ਤੋਂ ਹੀ ਔਰਤਾਂ ਦੇ ਸਨਮਾਨ ਵਿੱਚ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।


ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ


ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਵਿਸ਼ੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦਿਨ ਦਾ ਮੁੱਖ ਮੰਤਵ ਲਿੰਗਕ ਸਮਾਨਤਾ ਅਤੇ ਔਰਤਾਂ ਦੇ ਬਰਾਬਰ ਅਧਿਕਾਰਾਂ ਨਾਲ ਜੁੜੀਆਂ ਗੱਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਸਮਾਜ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਰਹੇ। ਇਸ ਦਿਨ ਔਰਤਾਂ 'ਤੇ ਹੁੰਦੇ ਜ਼ੁਲਮ ਅਤੇ ਹਿੰਸਾ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਇਸ ਦਿਨ ਲੋਕ ਆਪਣੇ ਜੀਵਨ ਵਿੱਚ ਵਿਸ਼ੇਸ਼ ਔਰਤਾਂ ਨੂੰ ਕਈ ਤਰੀਕਿਆਂ ਨਾਲ ਵਿਸ਼ੇਸ਼ ਮਹਿਸੂਸ ਕਰਵਾ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹਨ। ਇਸ ਲਈ ਹਰ ਕਿਸੇ ਨੂੰ ਆਪਣੇ ਨਾਲ ਕੰਮ ਕਰਨ ਵਾਲੀ ਮਹਿਲਾਂ ਦੇ ਨਾਲ-ਨਾਲ ਆਪਣੇ ਘਰ ਦੀਆਂ ਔਰਤਾਂ ਦੇ ਸਨਮਾਨ ਕਰਨਾ ਚਾਹੀਦਾ ਹੈ। ਕਈ ਮਰਦਾਂ ਨੂੰ ਦਫਤਰਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਚੰਗੀਆਂ ਲੱਗਦੀਆਂ ਹਨ, ਪਰ ਇਸ ਤੋਂ ਉਲਟ ਉਹ ਆਪਣੇ ਘਰ ਦੀਆਂ ਔਰਤਾਂ ਨੂੰ ਉਹ ਸਨਮਾਨ ਨਹੀਂ ਦਿੰਦੇ, ਜਿਸ ਦੀਆਂ ਉਹ ਹੱਕਦਾਰ ਹੁੰਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਇਹ ਤਾਂ ਸਿਰਫ ਘਰ ਦਾ ਹੀ ਕੰਮ ਕਰ ਰਹੀਆਂ ਹਨ। ਪਰ ਇਹ ਇੱਕ ਗਲਤ ਧਾਰਨਾ ਹੈ। ਘਰ ਨੂੰ ਸੰਭਾਲਣਾ ਇੱਕ ਸਖਤ ਜੌਬ ਹੈ। ਇਸ ਲਈ ਸਭ ਦਾ ਫਰਜ਼ ਬਣਦਾ ਹੈ ਔਰਤਾਂ ਨੂੰ ਸਨਮਾਨ ਦੇ ਨਾਲ ਉਨ੍ਹਾਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਵੀ ਪ੍ਰਦਾਨ ਕਰਨ।