ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਸ਼ਾਮ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕੋਵਿਡ-19 ਟੀਕਾ ਲਵਾਉਣ ਲਈ ਟੀਕਾਕਰਨ ਕੇਂਦਰ ਜਾਂ ਕੋਵਿਨ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ, "ਉਪਲੱਬਧ ਕੋਵਿਡ-19 ਟੀਕੇ ਸੁਰੱਖਿਅਤ ਹਨ ਤੇ ਟੀਕਾਕਰਣ ਗਰਭਵਤੀ ਔਰਤਾਂ ਨੂੰ ਕੋਵਿਡ-19 ਤੋਂ ਬਚਾਉਂਦਾ ਹੈ।"
ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਰਭ ਅਵਸਥਾ ਲਾਗ ਦੇ ਜ਼ੋਖ਼ਮ ਨੂੰ ਨਹੀਂ ਵਧਾਉਂਦੀ। ਜ਼ਿਆਦਾਤਰ ਗਰਭਵਤੀ ਔਰਤਾਂ 'ਚ ਅਸਿਮੋਟੋਮੈਟਿਕ ਜਾਂ ਹਲਕੇ ਲੱਛਣ ਹੋਣਗੇ ਪਰ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ, ਜਿਸ ਦਾ ਅਸਰ ਭਰੂਣ 'ਤੇ ਵੀ ਪੈ ਸਕਦਾ ਹੈ। ਇਸ ਲਈ ਖੁਦ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਰਭਵਤੀ ਔਰਤਾਂ ਕੋਵਿਡ-19 ਟੀਕਾ ਲਗਵਾਉਣ। ਦਿਸ਼ਾ-ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਗਰਭਵਤੀ ਔਰਤ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ ਤਾਂ 90 ਫ਼ੀਸਦੀ ਔਰਤਾਂ ਹਸਪਤਾਲ 'ਚ ਬਗੈਰ ਦਾਖਲ ਹੋਏ ਠੀਕ ਹੋ ਜਾਂਦੀਆਂ ਹਨ, ਜਦਕਿ ਕੁਝ ਔਰਤਾਂ ਦੀ ਹੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ।
ਕੋਵਿਡ-19 ਟੀਕਾ ਲੱਗਣ ਤੋਂ ਬਾਅਦ ਦੇ ਮਾੜੇ ਪ੍ਰਭਾਵਾਂ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਕਿਹਾ ਕਿ ਟੀਕੇ ਪ੍ਰਤੀ ਪ੍ਰਤੀਕ੍ਰਿਆ ਆਮ ਤੌਰ 'ਤੇ ਹਲਕੀ ਹੁੰਦੀ ਹੈ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ, "ਟੀਕਾ ਲਗਾਉਣ ਤੋਂ ਬਾਅਦ ਉਸ ਨੂੰ ਹਲਕਾ ਬੁਖਾਰ ਹੋ ਸਕਦਾ ਹੈ, ਟੀਕੇ ਵਾਲੀ ਥਾਂ 'ਤੇ ਦਰਦ ਹੋ ਸਕਦਾ ਹੈ ਜਾਂ 1-3 ਦਿਨ ਤਕ ਠੀਕ ਮਹਿਸੂਸ ਨਹੀਂ ਹੋ ਸਕਦਾ।"
ਕੋਰੋਨਾ ਪੌਜ਼ੇਟਿਵ ਮਾਂ ਦੇ ਨਵਜੰਮੇ ਬੱਚਿਆਂ ਦੀ ਸਿਹਤ
ਬੱਚੇ ਦੀ ਸਿਹਤ ਬਾਰੇ ਚਿੰਤਾਵਾਂ ਸਬੰਧੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਪੌਜ਼ੇਟਿਵ ਔਰਤਾਂ ਦੇ 95 ਬੱਚੇ ਜਨਮ ਸਮੇਂ ਚੰਗੀ ਸਥਿਤੀ 'ਚ ਹੁੰਦੇ ਹਨ। ਕੁਝ ਮਾਮਲਿਆਂ 'ਚ ਗਰਭ ਅਵਸਥਾ ਦੌਰਾਨ ਕੋਵਿਡ-19 ਦੀ ਲਾਗ ਅਚਨਚੇਤੀ ਜਣੇਪੇ ਦੀ ਸੰਭਾਵਨਾ ਨੂੰ ਵਧਾ ਸਕਦੀ ਹੈ। ਬੱਚੇ ਦਾ ਭਾਰ 2.5 ਕਿਲੋ ਤੋਂ ਘੱਟ ਹੋ ਸਕਦਾ ਹੈ ਅਤੇ ਬਹੁਤ ਘੱਟ ਮਾਮਲਿਆਂ 'ਚ ਜਨਮ ਤੋਂ ਪਹਿਲਾਂ ਮੌਤ ਹੋ ਸਕਦੀ ਹੈ।
ਕੋਵਿਡ-19 ਦਾ ਖ਼ਤਰਾ ਸੱਭ ਤੋਂ ਵੱਧ ਕਿਸ ਨੂੰ ਹੁੰਦਾ?
ਕੋਵਿਡ-19 ਲਾਗ ਤੋਂ ਬਾਅਦ 34 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ, ਮੋਟਾਪੇ ਵਾਲੀਆਂ ਔਰਤਾਂ, ਪਹਿਲਾਂ ਤੋਂ ਮੌਜੂਦ ਬੀਮਾਰੀਆਂ ਸ਼ੂਗਰ ਜਾਂ ਬਲੱਡ ਪ੍ਰੈਸ਼ਰ, ਅੰਗਾਂ 'ਚ ਖੂਨ ਜੰਮਣ ਨਾਲ ਪੀੜਤ ਔਰਤਾਂ ਨੂੰ ਵੱਧ ਖ਼ਤਰਾ ਹੁੰਦਾ ਹੈ। ਮੰਤਰਾਲੇ ਨੇ ਕਿਹਾ ਕਿ ਜੇ ਕੋਈ ਔਰਤ ਗਰਭ ਅਵਸਥਾ 'ਚ ਕੋਵਿਡ-19 ਲਾਗ ਤੋਂ ਪੀੜ੍ਹਤ ਹੈ ਤਾਂ ਉਸ ਨੂੰ ਜਣੇਪੇ ਤੋਂ ਬਾਅਦ ਟੀਕਾ ਲਵਾਉਣਾ ਚਾਹੀਦਾ ਹੈ।