Lohri 2022: ਪੰਜਾਬ 'ਚ ਲੋਹੜੀ ਦਾ ਤਿਉਹਾਰ ਬੇਹੱਦ ਖੁਸ਼ੀ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਨੂੰ ਸ਼ਗਨਾਂ ਦਾ ਤਿਉਹਾਰ ਤੇ ਖੁਸ਼ੀ ਸਾਂਝੀ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖੁਸ਼ੀ ਸਾਂਝੀ ਕਰਨ ਲਈ ਮੂੰਹ ਮਿੱਠਾ ਕਰਵਾਉਣ ਲਈ ਲੋਹੜੀ ਮੌਕੇ ਖਾਸ ਅੰਮ੍ਰਿਤਸਰੀ (ਲਾਲ ਰੰਗ) ਦਾ ਭੁੱਗਾ ਤਿਆਰ ਕੀਤਾ ਜਾਂਦਾ ਹੈ। ਇਹ ਭੁੰਨ੍ਹੇ ਹੋਏ ਖੋਏ ਤੇ ਤਿਲਾਂ ਨਾਲ ਮੂੰਹ ਦੀ ਮਿਠਾਸ ਨੂੰ ਚਾਰ ਚੰਨ ਲਾਉਂਦਾ ਹੈ। ਭੁੱਗੇ ਤੋਂ ਇਲਾਵਾ ਖਜੂਰ, ਗਚਕ, ਰਿਉੜੀਆਂ ਦੀ ਖਾਸ ਅਹਿਮੀਅਤ ਰਹਿੰਦੀ ਹੈ ਜੋ ਪੁਰਾਣੇ ਸ਼ਹਿਰ (ਅੰਦਰੂਨ ਸ਼ਹਿਰ) 'ਚ ਹੀ ਤਿਆਰ ਹੁੰਦੇ ਹਨ।



ਅੰਮ੍ਰਿਤਸਰ ਦੇ ਲੋਹਗੜ੍ਹ ਗੇਟ ਦੇ ਅੰਦਰ ਸਥਿਤ ਕਟੜਾ ਦੂਲੋ 'ਚ ਆਜ਼ਾਦੀ ਮੌਕੇ ਦੀਆਂ ਪੁਰਾਣੀਆਂ ਦੁਕਾਨਾਂ ਹਨ ਜਿੱਥੇ ਗਚਕ, ਰਿਊੜੀਆਂ, ਭੁੱਗਾ ਤੇ ਖਜੂਰਾਂ ਤਿਆਰ ਕੀਤੀਆਂ ਜਾਂਦੀਆਂ ਹਨ। ਭੁੱਗਾ ਤਿਆਰ ਕਰਨ ਵਾਲੀ ਦੁਕਾਨ ਦੇ ਮਾਲਕ ਲਛਮਣ ਤੇ ਰਵਿੰਦਰ ਨੇ ਦੱਸਿਆ ਕਿ ਬਾਕੀ ਥਾਵਾਂ 'ਤੇ ਸਫੇਦ ਰੰਗ ਦਾ ਭੁੱਗਾ ਮਿਲਦਾ ਹੈ ਜਦਕਿ ਇੱਥੇ ਲਾਲ ਰੰਗ ਦਾ ਭੁੱਗਾ ਮਿਲਦਾ ਹੈ ਜਿਸ ਨੂੰ ਤਿਆਰ ਕਰਨ ਲਈ ਕਾਫੀ ਮਿਹਨਤ ਲੱਗਦੀ ਹੈ।

ਇਸ ਲਈ 24 ਘੰਟੇ ਪਹਿਲਾਂ ਖੋਇਆ ਮਾਰਨਾ ਪੈਂਦਾ ਹੈ ਤੇ ਫਿਰ ਲਾਲ ਰੰਗ ਵਾਂਗ ਭੁੰਨ੍ਹਿਆ ਜਾਣ 'ਤੇ ਠੰਢਾ ਕਰਕੇ ਤਿੱਲ, ਦੇਸੀ ਘਿਓ ਤੇ ਡਰਾਈਫਰੂਟ ਪਾਇਆ ਜਾਂਦਾ ਹੈ। ਲੋਕ ਵੀ ਤਾਜਾ ਭੁੱਗਾ ਹੀ ਲਿਜਾਣਾ ਪਸੰਦ ਕਰਦੇ ਹਨ ਜਦਕਿ ਪੁਰਾਣੇ ਸਮਿਆਂ 'ਚ ਸ਼ਗਨ ਵਜੋਂ ਗੁੜ ਤੇ ਤਿੱਲ ਪਾਏ ਜਾਂਦੇ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ 'ਚ ਹੀ ਭੁੱਗੇ ਦੀ ਖਪਤ ਵਧ ਜਾਂਦੀ ਹੈ। ਇਹ ਸਰਦੀਆਂ 'ਚ ਹੀ ਖਾਧਾ ਜਾਂਦਾ ਹੈ। ਇਸ ਤੋਂ ਇਲਾਵਾ ਖਜੂਰਾਂ ਵੀ ਖਾਸ ਤੌਰ 'ਤੇ ਤਿਆਰ ਕੀਤੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਗੁੜ ਦੀ ਗਚਕ ਤੇ ਰਿਉੜੀਆਂ ਵੀ ਕਟੜਾ ਦੂਲੋ 'ਚ ਆਜ਼ਾਦੀ ਵੇਲੇ ਦੀਆਂ ਦੁਕਾਨਾਂ ਹਨ, ਜਿੱਥੇ ਦੁਕਾਨਦਾਰ ਪੀੜੀਆਂ ਤੋਂ ਗਚਕ ਤਿਆਰ ਕਰ ਰਹੇ ਹਨ ਜਿੱਥੇ ਦੇਸੀ ਘਿਓ ਨਾਲ ਤਿਆਰ ਗਚਕ, ਗੁੜ ਦੀਆਂ, ਖੰਡ ਦੀਆਂ ਤੇ ਡਰਾਈ ਫਰੂਟ ਨਾਲ ਤਿਆਰ ਗਚਕ ਦੀ ਵੀ ਲੋਹੜੀ 'ਤੇ ਕਾਫੀ ਮੰਗ ਰਹਿੰਦੀ ਹੈ ਤੇ ਲੋਹੜੀ ਦੇ ਤਿਉਹਾਰ ਮੌਕੇ ਸ਼ਗਨਾਂ 'ਚ ਮੂੰਗਫਲੀ ਤੇ ਰਿਉੜੀਆਂ-ਗਚਕ ਪਾਏ ਜਾਂਦੇ ਹਨ।

ਜਦਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ 'ਚ ਲੋਹੜੀ ਮੌਕੇ ਦੁਕਾਨਦਾਰਾਂ ਵੱਲੋਂ ਰੈਡੀਮੇਡ ਤੋਹਫੇ ਦਿੱਤੇ ਜਾਣ ਕਰਕੇ ਗਚਕ/ਰਿਉੜੀਆਂ ਦੇ ਕਾਰੋਬਾਰ ਨੂੰ ਮਾਰ ਪਈ ਹੈ ਤੇ ਕੁਝ ਅਸਰ ਕੋਰੋਨਾ ਨੇ ਵੀ ਕਾਰੋਬਾਰ ਨੂੰ ਪਾਇਆ ਹੈ।