ਨਵੀਂ ਦਿੱਲੀ: ਆਨਲਾਈਨ ਯਾਤਰਾ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਮੇਕ ਮਾਈ ਟਰਿੱਪ, ਯਾਤਰਾ ਤੇ ਕਲੀਅਰ ਟਰਿੱਪ ਇਸ ਤਿਉਹਾਰਾਂ ਦੇ ਮੌਸਮ ਵਿੱਚ ਗਾਹਕਾਂ ਨੂੰ ਲੁਭਾਉਣ ਲਈ 50,000 ਰੁਪਏ ਤੱਕ ਦੇ ਉਪਹਾਰ ਕੂਪਨ, ਪਹਿਲੀ ਵਾਰ ਹੋਟਲ ਬੁਕਿੰਗ ਤੇ ਇੱਕ ਰਾਤ ਮੁਫ਼ਤ ਠਹਿਰਣ ਤੇ ਅੰਤਰਾਸ਼ਟਰੀ ਉਡਾਣਾਂ ਤੇ 15,000 ਰੁਪਏ ਦੀ ਛੂਟ ਵਰਗੀ ਪੇਸ਼ਕਸ਼ ਦੇ ਰਹੀ ਹੈ।

ਕੰਪਨੀਆਂ ਤਿਉਹਾਰਾਂ ਦੌਰਾਨ ਯਾਤਰਾ ਕਰਨ ਦੇ ਇੱਛੁਕ ਲੋਕਾਂ 'ਤੇ ਵੱਡਾ ਦਾਅ ਲਾ ਰਹੀ ਹੈ। ਮੇਕ ਮਾਈ ਟਰਿੱਪ ਦੇ ਬੁਲਾਰੇ ਨੇ ਭਾਸ਼ਾ ਨੂੰ ਕਿਹਾ, ਪਿਛਲੇ ਤਿੰਨ ਸਾਲ ਭਾਰਤੀ ਸੈਲਾਨੀਆਂ ਦਾ ਤਿਉਹਾਰਾਂ ਦੌਰਾਨ ਯਾਤਰਾ ਕਰਨ ਦੇ ਚਲਣ ਵਿੱਚ ਵਾਧਾ ਹੋਇਆ ਹੈ। ਦੁਰਗਾ ਪੂਜਾ, ਨਰਾਤੇ, ਦਸ਼ਹਿਰਾ ਤੇ ਦੀਵਾਲੀ ਵਰਗੇ ਤਿਉਹਾਰਾਂ ਨੂੰ ਦੇਖਦਿਆਂ ਇਸ ਦੀਵਾਲੀ 'ਤੇ ਪਿਛਲੇ ਸਾਲ ਦੀ ਤੁਲਨਾ ਵਿੱਚ 11 ਫੀਸਦੀ ਵਧੇਰੇ ਭਾਰਤੀਆਂ ਨੇ ਯਾਤਰਾ ਕੀਤੀ ਹੈ।

ਇਸ ਤੋਂ ਇਲਾਵਾ ਅਗਾਉਂ ਬੁਕਿੰਗ ਤੇ ਮੇਕ ਮਾਈ ਟਰਿੱਪ ਦੇ ਜ਼ੀਰੋ ਰੱਦੀਕਰਨ ਸੁਵਿਧਾ ਕਾਰਨ ਪੀਕ ਸੀਜ਼ਨ ਲਈ ਬੁਕਿੰਗ ਵਿੱਚ 15 ਫੀਸਦੀ ਦਾ ਵਾਧਾ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਘਰੇਲੂ ਉਡਾਣਾਂ ਦੀ ਬੁਕਿੰਗ 'ਤੇ 15,00 ਰੁਪਏ ਤੱਕ ਦੀ ਛੂਟ,1000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦੇ ਤੋਹਫੇ ਕਾਰਡ ਤੇ ਯਾਤਰਾ ਡਾਟ ਕਾਮ ਜ਼ਰੀਏ ਅੰਤਰਾਸ਼ਟਰੀ ਬੁਕਿੰਗ ਤੇ 15,000 ਰੁਪਏ ਤੱਕ ਦੀ ਛੂਟ ਵਰਗੀ ਪੇਸ਼ਕਸ਼ ਦਿੱਤੀ ਜਾ ਰਹੀ ਹੈ।

ਕਲੀਅਰ ਟਰਿੱਪ 18 ਮਕਤੂਬਰ 10 ਵਜੇ ਤੱਕ ਵੈੱਬਸਾਈਟ ਤੇ ਮੋਬਾਈਲ ਐਪ ਜ਼ਰੀਏ ਬੁੱਕ ਕੀਤੀ ਗਈ ਉਡਾਣ, ਹੋਟਲਾਂ ਤੇ ਮੁਫ਼ਤ ਰੱਦੀਕਰਨ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ ਘਰੇਲੂ ਹੋਟਲਾਂ, ਉਡਾਣਾਂ ਤੇ ਹੋਰ ਗਤੀਵਿਧੀਆਂ ਦੀ ਬੁਕਿੰਗ ਤੇ ਆਪਣੇ ਗਾਹਕਾਂ ਨੂੰ 30 ਫੀਸਦੀ ਕੈਸ਼ ਬੈਕ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅੰਤਰਾਸ਼ਟਰੀ ਉਡਾਣਾਂ ਤੇ 25,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਕਲੀਅਰ ਟਰਿੱਪ ਦੇ ਉਪ ਪ੍ਰਧਾਨ ਵਿਪਨਣ ਆਸ਼ੀਸ਼ ਧਰੁਵ ਨੇ ਕਿਹਾ ਕਿ ਇਸ ਦੀਵਾਲੀ ਵਿਕਰੀ ਦਾ ਟੀਚਾ, ਬੁਕਿੰਗ ਪ੍ਰਣਾਲੀ ਨੂੰ ਵਧੇਰੇ ਲਚੀਲਾ ਤੇ ਘੱਟ ਚਿੰਤਾਜਨਕ ਬਣਾਉਣਾ ਹੈ।