ਬੱਚਿਆਂ ਦਾ ਚੰਗਾ ਪਾਲਣ - ਪੋਸ਼ਣ ਬਹੁਤ ਜ਼ਰੂਰੀ ਹੈ। ਮਾਪਿਆ ਦੇ ਨਾਲ ਨਾਲ ਸਕੂਲ ਦਾ ਵੀ ਬੱਚਿਆ ਦੇ ਪਾਲਣ – ਪੋਸ਼ਣ ਚ ਬਰਾਬਰ ਦਾ ਹਿੱਸਾ ਹੁੰਦਾ ਹੈ। ਸਕੂਲ ਵਿਚ ਬੱਚੇ ਪੜ੍ਹਾਈ ਦੇ ਨਾਲ ਨਾਲ ਦੋਸਤ ਬਣਾਉਂਦੇ ਹਨ ਤੇ ਕਈ ਸਾਰੀਆਂ ਗਤੀਵਿਧੀਆਂ ਦਾ ਹਿੱਸਾ ਬਣਦੇ ਹਨ, ਪਰ ਇਸਦੇ ਉਲਟ ਕਈ ਬੱਚੇ ਸਕੂਲ ਨਾ ਜਾਣ ਦੇ ਬਹਾਨੇ ਬਣਾਉਂਦੇ ਹਨ। ਸਕੂਲ ਉਨ੍ਹਾਂ ਦੇ ਮਨ ਵਿੱਚ ਇੱਕ ਤਣਾਅ ਪੈਦਾ ਕਰਦਾ ਹੈ।ਤੁਹਾਨੂੰ ਇਸ ਸਥਿਤੀ ਵਿੱਚ ਆਪਣੇ ਬੱਚਿਆਂ ਦੇ ਵਿਵਹਾਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਕੁਝ ਗੱਲਾਂ ਤੋਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਬੱਚੇ ਨੂੰ ਸਕੂਲ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤਾਂ ਨਹੀਂ, ਜੋ ਹੇਠ ਲਿਖੇ ਅਨੁਸਾਰ ਹੈ -
ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ :- ਤੁਹਾਨੂੰ ਆਪਣੇ ਬੱਚੇ ਨਾਲ ਉਸਦੇ ਸਕੂਲ ਬਾਰੇ ਗੱਲ ਕਰਨੀ ਚਾਹੀਦੀ ਹੈ। ਜੇਕਰ ਤੁਹਾਡਾ ਬੱਚਾ ਸਕੂਲ ਬਾਰੇ ਗੱਲ ਨਹੀਂ ਕਰਦਾ ਜਾਂ ਗੱਲ ਨੂੰ ਟਾਲ ਦਿੰਦਾ ਹੈ, ਤਾਂ ਇਹ ਉਸਨੂੰ ਸਕੂਲ ਵਿਚ ਆ ਰਹੀ ਪ੍ਰੇਸ਼ਾਨੀ ਦਾ ਸੰਕੇਤ ਹੋ ਸਕਦਾ ਹੈ।
ਸਕੂਲ ਬਾਰੇ ਸ਼ਿਕਾਇਤ :- ਜੇਕਰ ਤੁਹਾਡਾ ਬੱਚਾ ਪਹਿਲਾਂ ਸਕੂਲ ਬਾਰੇ ਸਿਰਫ਼ ਸਕਾਰਾਤਮਕ ਗੱਲ ਕਰਦਾ ਸੀ। ਪਰ ਅਚਾਨਕ ਹੀ ਸਕੂਲ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਇਹ ਵੀ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਬੱਚੇ ਨੂੰ ਸਕੂਲ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗਤੀਵਿਧੀ ਵਿੱਚ ਤਬਦੀਲੀ :- ਜੇਕਰ ਇਹਨਾਂ ਦਿਨਾਂ ਵਿੱਚ ਤੁਹਾਡਾ ਬੱਚਾ ਚੰਗੀ ਤਰ੍ਹਾਂ ਨਹੀਂ ਸੌਂਦਾ, ਨਾ ਖਾਣਾ ਖਾਂਦਾ ਹੈ ਤੇ ਨਾ ਹੀ ਖੇਡਣ ਵਿੱਚ ਰੁਚੀ ਦਿਖਾਉਂਦਾ ਹੈ, ਤਾਂ ਇਹ ਪਰੇਸ਼ਾਨੀ ਦੇ ਲੱਛਣ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਹਾਡਾ ਬੱਚਾ ਕਿਸੇ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੋਵੇ।
ਸਕੂਲ ਦਾ ਕੰਮ ਨਾ ਕਰਨਾ :- ਜੇਕਰ ਤੁਹਾਡਾ ਬੱਚਾ ਹੋਮਵਰਕ ਕਰਨ ਵਿੱਚ ਕੋਈ ਰੁਚੀ ਨਹੀਂ ਦਿਖਾਉਂਦਾ। ਉਹ ਕਿਤਾਬ ਕਾਪੀ ਲੈ ਕੇ ਘੰਟਿਆਂ ਬੱਦੀ ਬੈਠਾ ਰਹਿੰਦਾ ਹੈ ਤਾਂ ਸਮੱਸਿਆ ਹੋ ਸਕਦੀ ਹੈ।
ਅਧਿਆਪਕ ਤੋਂ ਮਾੜੀ ਫੀਡਬੈਕ :- ਜੇਕਰ ਅਚਾਨਕ ਅਧਿਆਪਕ ਬੱਚੇ ਬਾਰੇ ਨਕਾਰਾਤਮਕ ਫੀਡਬੈਕ ਦੇਣਾ ਸ਼ੁਰੂ ਕਰ ਦੇਵੇ ਤਾਂ ਤੁਹਾਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਦੂਜਿਆਂ ਨਾਲ ਬੁਰਾ ਵਿਵਹਾਰ :- ਜੇਕਰ ਤੁਹਾਡੇ ਬੱਚਾ ਦੂਜਿਆਂ ਨਾਲ ਬੁਰਾ ਵਿਵਹਾਰ ਕਰਨ ਲੱਗ ਪਿਆ ਹੈ ਅਤੇ ਸਕੂਲ ਵਿੱਚੋਂ ਵੀ ਉਸਦੇ ਮਾੜੇ ਵਿਵਹਾਰ, ਅਨੁਸ਼ਾਸਨ ਤੋੜਨ ਆਦਿ ਬਾਰੇ ਸ਼ਿਕਾਇਤਾ ਆ ਰਹੀਆਂ ਹਨ, ਤਾਂ ਤੁਹਾਨੂੰ ਇਸ ਗੱਲ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ।