Bullet Proof Safe House: ਦੁਨੀਆਂ ਭਰ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕ ਅਪਰਾਧ ਦੀਆਂ ਵਧਦੀਆਂ ਘਟਨਾਵਾਂ ਤੋਂ ਡਰਦੇ ਮਾਰੇ ਬੁਲੇਟ ਪਰੂਫ (Bullet Proof) ਘਰ ਖਰੀਦਣ ਲੱਗੇ ਹਨ। ਖਾਸ ਤੌਰ 'ਤੇ ਤਿਆਰ ਕੀਤੇ ਗਏ ਇਨ੍ਹਾਂ ਘਰਾਂ ਵਿੱਚ ਉੱਚ ਸੁਰੱਖਿਆ ਵਾਲੇ ਸਟੀਲ ਦੇ ਦਰਵਾਜ਼ੇ ਹਨ। ਘਰ ਅੰਦਰ ਗੁਪਤ ਕਮਰੇ ਵੀ ਹਨ। ਉਨ੍ਹਾਂ ਕਮਰਿਆਂ ਦੇ ਦਰਵਾਜ਼ਿਆਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਕੋਈ ਅਪਰਾਧੀ ਕਿਸੇ ਤਰ੍ਹਾਂ ਘਰ ਵਿੱਚ ਦਾਖਲ ਹੋ ਜਾਵੇ ਤਾਂ ਉਹ ਕਦੇ ਵੀ ਜਗ੍ਹਾ ਨਹੀਂ ਲੱਭ ਸਕੇਗਾ। ਅਜਿਹੇ ਸੁਰੱਖਿਅਤ ਘਰ ਬਣਾਉਣ ਲਈ ਸਿਰਫ਼ ਅਮੀਰ ਹੀ ਨਹੀਂ ਸਗੋਂ ਮੱਧ ਵਰਗ ਦੇ ਲੋਕ ਵੀ ਮੋਟੀ ਰਕਮ ਖਰਚ ਰਹੇ ਹਨ।
ਦਰਅਸਲ ਇਹ ਮਾਮਲਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਹੈ। ਪਿਛਲੇ ਸਾਲ ਸ਼ਹਿਰ ਵਿੱਚ ਹਮਲਿਆਂ ਦੀ ਗਿਣਤੀ ਰਿਕਾਰਡ 28,000 ਤੱਕ ਪਹੁੰਚ ਗਈ ਸੀ। ਨਿਊਯਾਰਕ ਪੋਸਟ ਨੇ ਸੁਰੱਖਿਆ ਵਾਲੇ ਇਨ੍ਹਾਂ ਘਰਾਂ ਬਾਰੇ ਰਿਪੋਰਟ ਤਿਆਰ ਕੀਤੀ ਹੈ। ਹੋਮ ਡਿਫੈਂਸ ਕੰਟਰੈਕਟਰ ਸਟੀਵ ਹੰਬਲ ਕ੍ਰਿਏਟਿਵ ਹੋਮ ਇੰਜੀਨੀਅਰਿੰਗ ਨਾਂ ਦੀ ਕੰਪਨੀ ਚਲਾਉਂਦਾ ਹੈ। ਉਹ ਬਿਨਾਂ ਕੋਈ ਸੁਰਾਗ ਛੱਡੇ ਘਰਾਂ ਵਿੱਚ ਗੁਪਤ ਤੇ ਸੁਰੱਖਿਅਤ ਕਮਰੇ ਛੁਪਾਉਣ ਵਿੱਚ ਮਾਹਰ ਹੈ। ਇਨ੍ਹਾਂ ਕਮਰਿਆਂ ਦੇ ਦਰਵਾਜ਼ਿਆਂ ਨੂੰ ਅਲਮਾਰੀਆਂ ਜਾਂ ਸ਼ੀਸ਼ੇ ਨਾਲ ਇਸ ਤਰ੍ਹਾਂ ਲੁਕਾਇਆ ਜਾਂਦਾ ਹੈ ਕਿ ਇਨ੍ਹਾਂ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ।
ਅਜਿਹੇ ਦਰਵਾਜ਼ੇ ਨੂੰ ਡਿਜ਼ਾਈਨ ਕਰਨ 'ਤੇ ਲਗਪਗ 85 ਹਜ਼ਾਰ ਰੁਪਏ ਖਰਚ ਆ ਸਕਦਾ ਹੈ। ਸਟੀਵ ਹੰਬਲ ਹੁਣ ਤੱਕ ਨਿਊਯਾਰਕ ਦੇ ਘਰਾਂ ਵਿੱਚ ਅਜਿਹੇ 100 ਤੋਂ ਵੱਧ ਦਰਵਾਜ਼ੇ ਡਿਜ਼ਾਈਨ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਸੱਚ ਹੋਵੇ ਜਾਂ ਕਹਾਣੀ, ਲੋਕਾਂ ਨੂੰ ਲੱਗਦਾ ਹੈ ਕਿ ਸ਼ਹਿਰ ਵਿੱਚ ਅਪਰਾਧ ਵਧ ਗਿਆ ਹੈ।
ਦੂਜੇ ਪਾਸੇ ਡੇਵਿਡ ਵ੍ਰਨੀਕਰ ਦੀ ਕੰਪਨੀ ਫੋਰਟਿਫਾਇਡ ਐਂਡ ਬੈਲਿਸਟਿਕ ਸਕਿਓਰਿਟੀ ਸਿਰਫ ਦਰਵਾਜ਼ੇ ਤੇ ਖਿੜਕੀਆਂ ਤੱਕ ਅਪਰਾਧੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ। ਉਹ ਸਟੀਲ ਦੇ ਬੁਲੇਟਪਰੂਫ ਦਰਵਾਜ਼ੇ ਤੇ ਖਿੜਕੀਆਂ ਬਣਾਉਂਦੇ ਹਨ। ਸਟੀਲ ਦੇ ਭਾਰੀ ਸੁਰੱਖਿਆ ਵਾਲੇ ਬੁਲੇਟਪਰੂਫ ਦਰਵਾਜ਼ੇ ਬਣਾਉਣ 'ਤੇ 5 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ।
ਡੇਵਿਡ ਵ੍ਰਨੀਕਰ ਕਹਿੰਦਾ ਹੈ, ਮੇਰੇ ਗਾਹਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਕੋਵਿਡ ਦੌਰਾਨ ਸਮਾਜ ਨੂੰ ਟੁੱਟਦਾ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਹਰ ਕੋਈ ਥੋੜ੍ਹਾ ਡਰਿਆ ਹੋਇਆ ਹੈ। ਇਸ ਤੋਂ ਇਲਾਵਾ ਬਿਲ ਰਿਗਡਨ ਪੈਨਿਕ ਰੂਮਾਂ ਵਾਲੇ ਘਰ ਬਣਾਉਂਦੇ ਹਨ। ਇਨ੍ਹਾਂ ਵਿਸ਼ੇਸ਼ ਘਰਾਂ ਦੀ ਕੀਮਤ 80 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਪੈਨਿਕ ਰੂਮਾਂ ਵਿੱਚ ਐਮਰਜੈਂਸੀ ਲਈ ਭੋਜਨ, ਪਾਣੀ, ਮੈਡੀਕਲ ਉਪਕਰਣ, ਬਿਜਲੀ ਤੇ ਫ਼ੋਨ ਵਰਗੀਆਂ ਜੀਵਨ ਸਹਾਇਤਾ ਸਹੂਲਤਾਂ ਹਨ। ਜੇਕਰ ਕੀਮਤ ਵਧਦੀ ਹੈ ਤਾਂ ਕਮਰਿਆਂ ਵਿੱਚ ਇਲੈਕਟ੍ਰਿਕ ਹੈਂਡਲ, ਸਮੋਕ ਸਕਰੀਨ ਲਾਂਚਰ, ਮਿਰਚ ਸਪਰੇਅ ਕਰਨ ਲਈ ਗੁਪਤ ਨੋਜ਼ਲ, ਸ਼ਾਟਗਨ ਨਾਲ ਰੋਬੋਟ ਤੇ ਡ੍ਰੋਨ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।