ਦਿੱਲੀ 'ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਗਈ ਹੈ ਤੇ ਅਜਿਹੇ 'ਚ ਸਵੇਰ ਦੀ ਸੈਰ 'ਤੇ ਜਾਣ ਵਾਲੇ ਲੋਕਾਂ ਨੂੰ ਖਾਸ ਤੌਰ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਜੋ ਲੋਕ ਸਵੇਰੇ ਸੈਰ ਕਰਨ ਜਾਂਦੇ ਹਨ, ਉਨ੍ਹਾਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਸਵੇਰੇ ਸੈਰ ਕਰਨੀ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੁੰਦਾ ਹੈ। ਇਸ ਕਾਰਨ ਸਾਹ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।


ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਗਈ ਹੈ ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਗਿਆ ਹੈ। ਪ੍ਰਦੂਸ਼ਣ ਵਿਰੋਧੀ ਯੋਜਨਾ GRAP ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੇ ਬਾਵਜੂਦ, ਦਿੱਲੀ ਨੇ ਦੇਸ਼ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਦਰਜ ਕੀਤੀ।


ਅਸੀਂ ਸਾਰੇ ਜਾਣਦੇ ਹਾਂ ਕਿ ਠੰਡ ਦੇ ਕਾਰਨ ਅਤੇ ਸਰਦੀ ਦੇ ਮੌਸਮ ਵਿੱਚ ਦਿਲ ਦਾ ਦੌਰਾ ਸਵੇਰੇ ਜਲਦੀ ਆਉਂਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਉਹ ਸਾਰੇ ਲੋਕ ਜੋ ਉੱਚ ਜੋਖਮ 'ਤੇ ਹਨ। ਯਾਨੀ ਜਿਨ੍ਹਾਂ ਦੇ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਇਤਿਹਾਸ ਹੈ। ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਉਹ ਸ਼ੂਗਰ ਦੇ ਮਰੀਜ਼ ਹਨ ਤੇ ਫੇਫੜਿਆਂ ਦੀ ਕੋਈ ਹੋਰ ਸਮੱਸਿਆ ਹੈ। ਉਨ੍ਹਾਂ ਨੂੰ ਸਰਦੀਆਂ ਵਿੱਚ ਸਵੇਰੇ ਜਲਦੀ ਸੈਰ (ਜਾਂ ਕਸਰਤ) ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ।


ਹਿੰਦੁਸਤਾਨ ਟਾਈਮ ਵਿੱਚ ਪ੍ਰਕਾਸ਼ਿਤ ਖਬਰ ਮੁਤਾਬਕ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਕਾਰਡੀਓਥੋਰੈਸਿਕ ਐਂਡ ਵੈਸਕੁਲਰ ਸਰਜਰੀ (ਸੀ.ਟੀ.ਵੀ.ਐੱਸ.) ਦੇ ਡਾਇਰੈਕਟਰ ਅਤੇ ਮੁਖੀ ਡਾ.ਉਦਗੀਤ ਧੀਰ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਖਾਸ ਕਰਕੇ ਸਰਦੀਆਂ ਵਿੱਚ ਸਵੇਰ ਦੀ ਸੈਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਜੇ ਸਵੇਰੇ-ਸਵੇਰੇ ਸੈਰ ਲਈ ਜਾਣਾ ਪਵੇ ਤਾਂ ਸਵੇਰ ਦੀ ਠੰਢ ਤੋਂ ਬਚਾਅ ਕਰਨਾ ਪੈਂਦਾ ਹੈ। ਸਾਨੂੰ ਆਪਣੇ ਹੱਥਾਂ-ਪੈਰਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਯਾਨੀ ਸਿਰ, ਕੰਨ, ਹੱਥ ਅਤੇ ਪੈਰ ਦੀਆਂ ਉਂਗਲਾਂ। ਤੁਹਾਡੀ ਛਾਤੀ ਦਾ ਖੇਤਰ ਕਾਫ਼ੀ ਗਰਮ ਹੋਣਾ ਚਾਹੀਦਾ ਹੈ ਤੇ ਵਾਰਮ-ਅੱਪ ਤੋਂ ਬਿਨਾਂ ਕਸਰਤ ਸ਼ੁਰੂ ਨਾ ਕਰੋ। ਵਾਰਮ-ਅੱਪ ਸਭ ਤੋਂ ਜ਼ਰੂਰੀ ਹੈ ਤੇ ਸਰਦੀਆਂ ਦੇ ਮੌਸਮ ਵਿੱਚ ਇਹ ਹੋਰ ਵੀ ਜ਼ਰੂਰੀ ਹੈ।


ਸਰਦੀਆਂ ਦੀਆਂ ਸਵੇਰਾਂ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਸਰਦੀਆਂ ਦੇ ਉਲਟ ਅਨੁਪਾਤੀ ਹੁੰਦਾ ਹੈ। ਠੰਡੇ ਮੌਸਮ ਵਿੱਚ ਦਬਾਅ ਵਧਦਾ ਹੈ ਤੇ ਨਤੀਜੇ ਵਜੋਂ, ਸਾਡੇ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਅਤੇ ਵਧੇਰੇ ਖੂਨ ਪੰਪ ਕਰਨ ਦੀ ਲੋੜ ਹੁੰਦੀ ਹੈ ਜੋ ਕਮਜ਼ੋਰ ਦਿਲ ਵਾਲੇ ਵਿਅਕਤੀ ਲਈ ਅਨੁਕੂਲ ਨਹੀਂ ਹੈ।