ਨਵੀਂ ਦਿੱਲੀ: ਯੂਪੀ ਵਿੱਚ ਤਾਜ ਮਹੱਲ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਸ਼ੁਰੂ ਹੋ ਗਿਆ ਹੈ। ਪੂਰਾ ਵਿਵਾਦ ਭਾਜਪਾ ਵਿਧਾਇਕ ਸੰਗੀਤ ਸੋਮ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਹੈ। ਸੰਗੀਤ ਸੋਮ ਨੇ ਤਾਜ ਮਹੱਲ ਨੂੰ "ਭਾਰਤੀ ਸੰਸਕ੍ਰਿਤੀ 'ਤੇ ਇੱਕ ਧੱਬਾ" ਕਿਹਾ ਹੈ। ਉਨ੍ਹਾਂ ਨੇ ਕਿਹਾ, "ਅਸੀਂ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ? ਤਾਜ ਮਹੱਲ ਦੇ ਨਿਰਮਾਤਾ (ਸ਼ਾਹਜਹਾਂ) ਨੇ ਆਪਣੇ ਪਿਤਾ ਨੂੰ ਕੈਦ ਕਰ ਦਿੱਤਾ ਸੀ। ਉਹ ਹਿੰਦੂਆਂ ਨੂੰ ਖਤਮ ਕਰਨਾ ਚਾਉਂਦਾ ਸੀ। ਜੇਕਰ ਇਹ ਲੋਕ ਸਾਡੇ ਇਤਿਹਾਸ ਦਾ ਹਿੱਸਾ ਹਨ ਤਾਂ ਇਹ ਸਾਡੇ ਲਈ ਬਹੁਤ ਹੀ ਦੁੱਖ ਵਾਲੀ ਗੱਲ ਹੈ ਤੇ ਅਸੀਂ ਇਸ ਇਤਿਹਾਸ ਨੂੰ ਬਦਲ ਦੇਵਾਂਗੇ।"

ਤਾਜ ਮਹੱਲ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕੇ ਹਨ। ਯੂਪੀ ਟੂਰਿਜ਼ਮ ਬੁੱਕਲੈਟ ਜੋ ਯੂਪੀ ਵਿੱਚ ਯੋਗੀ ਅਦਿਤਿਆਨਾਥ ਸਰਕਾਰ ਦੇ 6 ਮਹੀਨੇ ਪੂਰੇ ਹੋਣ 'ਤੇ ਜਾਰੀ ਹੋਈ ਸੀ, ਉਸ ਵਿੱਚ ਤਾਜ ਮਹੱਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਯੋਗੀ ਨੇ ਪਿਛਲੀਆਂ ਸਰਕਾਰਾਂ ਵੱਲੋਂ ਵਿਦੇਸ਼ੀ ਮੁੱਖ ਵਿਅਕਤੀਆਂ ਦੌਰਿਆਂ ਦੌਰਾਨ ਤਾਜ ਮਹੱਲ ਦੇ ਛੋਟੇ ਮਾਡਲਾਂ ਨੂੰ ਉਪਹਾਰ ਦੇਣ ਦੇ ਸੰਦਰਭ ਵਿੱਚ ਕਿਹਾ ਸੀ ਕਿ ਤਾਜ ਮਹੱਲ ਦਾ ਭਾਰਤ ਦੀ ਸੰਸਕ੍ਰਿਤੀ ਨਾਲ ਕੋਈ ਸਬੰਧ ਨਹੀਂ ਸੀ।

ਭਾਜਪਾ ਨੇਤਾ ਜੀਵੀਐਲ ਨਰਸਿੰਘ ਰਾਵ ਨੇ ਸੋਮਵਾਰ ਨੂੰ ਇਹ ਇਹ ਕਹਿੰਦੇ ਹੋਏ ਸੰਗੀਤ ਸੋਮ ਦਾ ਬਚਾਅ ਕੀਤਾ ਕਿ ਨੇਤਾ ਨੂੰ ਆਪਣੀ ਰਾਏ ਦੇਣ ਦਾ ਹੱਕ ਹੈ। ਰਾਵ ਨੇ ਅੱਗੇ ਕਿਹਾ ਕਿ ਭਾਰਤੀ ਇਤਿਹਾਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿੱਥੋਂ ਤੱਕ ਸੰਗੀਤ ਸੋਮ ਦਾ ਸਬੰਧ ਹੈ, ਉਸ ਦੇ ਕੋਲ ਬੋਲਾਂ ਦੀ ਆਜ਼ਾਦੀ ਹੈ। ਇਹ ਉਸ ਦਾ ਨਿੱਜੀ ਨਜ਼ਰੀਆ ਹੈ ਤੇ ਹਰੇਕ ਬਿਆਨ ਨੂੰ ਪਾਰਟੀ ਲਾਈਨ ਦੀ ਜ਼ਰੂਰਤ ਨਹੀਂ ਹੈ।