ਚੰਡੀਗੜ੍ਹ: ਮਸਾਲੇ ਨਾ ਸਿਰਫ ਤੁਹਾਡੇ ਭੋਜਨ ਦਾ ਸੁਆਦ ਵਧਾਉਂਦੇ ਹਨ, ਬਲਕਿ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦੇ ਹਨ। ਮਸਾਲੇ ਤੁਹਾਡੇ ਪਾਚਣ ਨੂੰ ਵਧੀਆ ਬਣਾਉਂਦੇ ਹਨ ਤੇ ਭਾਰ ਘਟਾਉਣ ਵਿੱਚ ਵੀ ਸਹਾਇਤਾ ਕਰਦੇ ਹਨ। ਤਿੰਨ ਮਸਾਲੇ ਅਜਿਹੇ ਹਨ, ਜਿਸ ਨਾਲ ਤੁਸੀਂ ਜਲਦੀ ਭਾਰ ਘਟਾ ਸਕਦੇ ਹੋ।


ਦਾਲਚੀਨੀ
ਦਾਲਚੀਨੀ ਦੀ ਵਰਤੋਂ ਚਰਬੀ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦਾਲਚੀਨੀ ਦਾ ਪਾਣੀ ਪੀਣਾ ਚਾਹੀਦਾ ਹੈ। ਇਹ ਪਾਣੀ ਤੁਹਾਡੀ ਐਪੀਟਾਈਟ ਤੇ ਬਲੱਡ ਸ਼ੂਗਰ ਨੂੰ ਠੀਕ ਕਰਦਾ ਹੈ ਤੇ ਤੁਹਾਡੀ ਪਾਚਕ ਸ਼ਕਤੀ ਨੂੰ ਵਧਾਉਂਦਾ ਹੈ। ਇਕ ਗਲਾਸ ਪਾਣੀ ਵਿੱਚ ਥੋੜ੍ਹੀ ਜਿਹੀ ਦਾਲਚੀਨੀ ਪਾਓ ਤੇ ਇਸ ਨੂੰ ਉਬਾਲ ਲਾਵੋ। ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਇਸ ਪਾਣੀ ਨੂੰ ਪੀਓ। ਅਗਲੇ ਇਕ ਮਹੀਨੇ ਦੇ ਅੰਦਰ ਤੁਸੀਂ ਇਸ ਦੇ ਨਤੀਜੇ ਦੇਖ ਸਕੋਗੇ।

ਅਜਵੈਣ
ਅਜਵੈਣ ਬਾਰੇ ਗੱਲ ਕਰੀਏ ਤਾਂ ਇਹ ਖਾਸ ਤੌਰ 'ਤੇ ਠੰਢੇ ਮੌਸਮ ਵਿੱਚ ਵਰਤੀ ਜਾਂਦੀ ਹੈ। ਇਹ ਮਸਾਲਾ ਭਾਰ ਘਟਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਇਹ ਤੁਹਾਡੇ ਪਾਚਨ ਨੂੰ ਸੁਧਾਰਦਾ ਹੈ ਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। 25 ਗ੍ਰਾਮ ਅਜਵੈਣ ਲਓ ਤੇ ਇਸ ਨੂੰ ਰਾਤ ਭਰ ਇਕ ਗਿਲਾਸ ਪਾਣੀ ਵਿੱਚ ਪਾਓ। ਅਗਲੀ ਸਵੇਰ ਇਸ ਨੂੰ ਪੀਓ। ਜੇ ਤੁਸੀਂ ਇਸ ਦਾ ਸੁਆਦ ਪਸੰਦ ਨਹੀਂ ਕਰਦੇ, ਤਾਂ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਸਕਦੇ ਹੋ। ਇਕ ਮਹੀਨੇ ਵਿੱਚ ਹੀ ਤੁਹਾਨੂੰ ਚੰਗੇ ਨਤੀਜੇ ਮਿਲਣਗੇ।

ਜੀਰਾ
ਜੀਰਾ ਹਜਮੇ ਨੂੰ ਠੀਕ ਕਰਦਾ ਹੈ, ਕਬਜ਼ ਤੋਂ ਬਚਾਉਂਦਾ ਹੈ ਤੇ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ। ਇਹ ਸ਼ਰੀਰ ਦੇ ਮੈਟਾਬੋਲਿਜ਼ਮ ਨੂੰ ਠੀਕ ਕਰਦਾ ਹੈ ਤੇ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇੱਕ ਚਮਚ ਜੀਰਾ ਇੱਕ ਗਿਲਾਸ ਪਾਣੀ 'ਚ ਉਬਾਲ ਲਵੋ। ਇਸ ਪਾਣੀ ਨੂੰ ਦਿਨ ਭਰ ਘੁਟ-ਘੁਟ ਕਰਕੇ ਪਿਓ। ਦੂਸਰਾ ਤਰੀਕਾ ਇਹ ਹੈ ਕਿ ਰਾਤ ਭਰ ਤੁਸੀਂ ਜੀਰਾ ਪਾਣੀ 'ਚ ਭਿਓਂ ਦਿਓ ਤੇ ਫਿਰ ਖਾਲੀ ਪੇਟ ਇਸ ਨੂੰ ਪੀਓ।