Warm Clothes take care tips: ਸਰਦੀ ਦਾ ਮੌਸਮ ਹੁਣ ਆਪਣੇ ਅਖਰੀਲੇ ਪੜਾਅ ਦੇ ਵਿੱਚ ਚੱਲ ਰਿਹਾ ਹੈ। ਤੇਜ਼ ਧੁੱਪ ਕਰਕੇ ਦਿਨ ਦਾ ਤਾਪਮਾਨ ਵਧਿਆ ਹੋਇਆ ਹੈ। ਬਸ ਕੁੱਝ ਹੀ ਦਿਨਾਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਸੰਭਾਲ ਕੇ ਰੱਖਣੇ ਪੈਣਗੇ (storing your winter clothes)। ਸਰਦੀਆਂ ਵਿੱਚ ਅਸੀਂ ਸੁੰਦਰ ਅਤੇ ਡਿਜ਼ਾਈਨਰ ਗਰਮ ਕੱਪੜੇ ਖਰੀਦਦੇ ਹਾਂ, ਜੋ ਨਾ ਸਿਰਫ਼ ਸਾਡੀ ਰੱਖਿਆ ਕਰਦੇ ਹਨ ਬਲਕਿ ਸਾਡੀ ਸੁੰਦਰਤਾ ਵਿੱਚ ਵੀ ਵਾਧਾ ਕਰਦੇ ਹਨ। ਪਰ ਊਨੀ ਕੱਪੜੇ ਬਹੁਤ ਨਾਜ਼ੁਕ ਹੁੰਦੇ ਹਨ, ਇਸ ਲਈ ਜੇਕਰ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਅਤੇ ਸਾਂਭ-ਸੰਭਾਲ ਨਾ ਕੀਤੀ ਜਾਵੇ, ਤਾਂ ਉਹੀ ਕੱਪੜੇ ਕੁੱਝ ਸਮੇਂ ਬਾਅਦ ਪੁਰਾਣੇ ਅਤੇ ਬੇਰੰਗ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਕੱਪੜਿਆਂ ਨੂੰ ਸੰਭਾਲ ਸਮੇਂ ਕਾਫੀ ਦਿੱਕਤ ਆਉਂਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਉਨ੍ਹਾਂ ਕੱਪੜਿਆਂ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ। ਅੱਜ ਤੁਹਾਨੂੰ ਕੁੱਝ ਖਾਸ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਕੱਪੜੇ ਸਹੀ ਢੰਗ ਦੇ ਨਾਲ ਸਟੋਰ ਕਰ ਸਕਦੇ ਹੋ।
ਆਓ ਜਾਣਦੇ ਹਾਂ ਸਰਦੀਆਂ ਦੇ ਕੱਪੜਿਆਂ ਦੀ ਚਮਕ ਬਰਕਰਾਰ ਰੱਖਣ ਦੇ ਕਾਰਗਰ ਤਰੀਕੇ-
ਗਰਮ ਕੱਪੜੇ ਧੁੱਪ ਵਿੱਚ ਸੁਕਾਓ (Dry warm clothes in the sunlight)
ਊਨੀ ਕੱਪੜਿਆਂ ਨੂੰ ਸਰਦੀਆਂ ਤੋਂ ਬਾਅਦ ਸਟੋਰ ਕਰਨ ਤੋਂ ਪਹਿਲਾਂ ਧੁੱਪ ਵਿਚ ਚੰਗੀ ਤਰ੍ਹਾਂ ਸੁਕਾਓ। ਇੰਨੀਂ ਦਿਨੀਂ ਸੋਹਣੀ ਧੁੱਪ ਨਿਕਲ ਰਹੀ ਹੈ, ਜਿਸ ਕਰਕੇ ਤੁਸੀਂ ਛੁੱਟੀ ਵਾਲੇ ਦਿਨ ਜ਼ਿਆਦਾ ਸਰਦੀਆਂ ਵਾਲੇ ਕੱਪੜੇ ਜਿਵੇਂ ਜੈਕਟਾਂ, ਭਾਰੀ ਕੋਟ ਆਦਿ ਸੁੱਕਾ ਸਕਦੇ ਹੋ। ਅਜਿਹਾ ਕਰਨ ਨਾਲ ਕੱਪੜਿਆਂ 'ਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਇਹ ਵੀ ਧਿਆਨ ਰੱਖੋ ਕਿ ਕੱਪੜਿਆਂ ਨੂੰ ਸਮਤਲ ਸਤ੍ਹਾ 'ਤੇ ਰੱਖ ਕੇ ਹੀ ਸੁਕਾਓ। ਇਸ ਨਾਲ ਕੱਪੜਿਆਂ ਦੀ ਸ਼ਕਲ ਅਤੇ ਆਕਾਰ ਖਰਾਬ ਨਹੀਂ ਹੁੰਦਾ।
ਊਨੀ ਕੱਪੜਿਆਂ ਨੂੰ ਧੁੱਪ ਵਿੱਚ ਸੁਕਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕੱਪੜਿਆਂ ਨੂੰ ਸਿੱਧੀ ਧੁੱਪ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਨਾਲ ਕੱਪੜਿਆਂ ਦਾ ਰੰਗ ਖਰਾਬ ਹੋ ਜਾਂਦਾ ਹੈ। ਊਨੀ ਕੱਪੜਿਆਂ ਨੂੰ ਨਿਚੋੜ ਕੇ ਵੀ ਸੁਕਾਉਣ ਨਾਲ ਕੱਪੜਿਆਂ ਦਾ ਰੰਗ ਖਰਾਬ ਹੋ ਸਕਦਾ ਹੈ।
ਇਸ ਤਰ੍ਹਾਂ ਕੱਪੜੇ ਸਟੋਰ ਕਰੋ (Store clothes like this)
ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ, ਕੱਪੜੇ ਧੋ ਕੇ ਸਾਫ਼ ਅਲਮਾਰੀ ਜਾਂ ਬੈਗ ਵਿਚ ਪੈਕ ਕਰਕੇ ਰੱਖੋ। ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਜਗ੍ਹਾ 'ਤੇ ਤੁਸੀਂ ਕੱਪੜੇ ਰੱਖ ਰਹੇ ਹੋ, ਉਹ ਸਾਫ਼-ਸੁਥਰੀ ਹੋਵੇ, ਅਲਮਾਰੀ 'ਚ ਨਿੰਮ ਦੇ ਕੁੱਝ ਪੱਤੇ ਰੱਖੋ ਅਤੇ ਉੱਥੇ ਅਖਬਾਰ ਫੈਲਾ ਕੇ ਕੱਪੜਿਆਂ ਨੂੰ ਸਟੋਰ ਕਰੋ। ਅਜਿਹਾ ਕਰਨ ਨਾਲ ਕੱਪੜਿਆਂ 'ਚ ਨਮੀ ਨਹੀਂ ਰਹੇਗੀ।
ਫਰਨੈਲ ਦੀਆਂ ਗੋਲੀਆਂ (naphthalene balls)
ਕੱਪੜਿਆਂ ਦੀ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਅਤੇ ਕੱਪੜਿਆਂ ਨੂੰ ਬਦਬੂ ਤੋਂ ਬਚਾਉਣ ਲਈ ਫਰਨੈਲ ਦੀਆਂ ਗੋਲੀਆਂ ਨੂੰ ਛੋਟੇ-ਛੋਟੇ ਬੰਡਲਾਂ ਵਿੱਚ ਬੰਨ੍ਹ ਕੇ ਅਲਮਾਰੀ ਦੇ ਵੱਖ-ਵੱਖ ਕੋਨਿਆਂ ਵਿੱਚ ਰੱਖੋ, ਇਸ ਨਾਲ ਬਦਬੂ ਆਉਣ ਤੋਂ ਬਚੇਗੀ ਅਤੇ ਬੈਕਟੀਰੀਆ ਵੀ ਮਰ ਜਾਣਗੇ। ਇਹ ਕੱਪੜਿਆਂ ਨੂੰ ਫੰਗਸ ਤੇ ਬੈਕਟੀਰੀਆ ਤੋਂ ਬਚਾਅ ਕੇ ਰੱਖਦੀਆਂ ਹਨ।
ਬੱਚਿਆਂ ਅਤੇ ਵੱਡਿਆਂ ਦੇ ਕੱਪੜੇ ਵੱਖ-ਵੱਖ ਰੱਖੋ
ਬੱਚਿਆਂ ਅਤੇ ਬਜ਼ੁਰਗਾਂ ਦੇ ਕੱਪੜੇ ਵੱਖ-ਵੱਖ ਰੱਖੋ। ਤਾਂ ਜੋ ਤੁਸੀਂ ਆਪਣੀ ਲੋੜ ਅਨੁਸਾਰ ਕੱਪੜੇ ਕੱਢ ਸਕੋ। ਇਸ ਨਾਲ ਆਸਾਨੀ ਵੀ ਹੋਵੇਗੀ ਅਤੇ ਕੱਪੜੇ ਦਾ ਖਿੱਲਾਰਾ ਵੀ ਨਹੀਂ ਪਵੇਗਾ।
ਲੱਕੜ ਦੀਆਂ ਅਲਮਾਰੀਆਂ ਤੋਂ ਬਚੋ
ਧਿਆਨ ਦਿਓ ਕਿ ਗਰਮ ਕੱਪੜੇ ਕਦੇ ਵੀ ਲੱਕੜ ਦੀ ਅਲਮਾਰੀ ਵਿੱਚ ਨਾ ਰੱਖੋ, ਲੱਕੜ ਦੀ ਅਲਮਾਰੀ ਵਿੱਚ ਦੀਮਕ ਦੇ ਲਾਗ ਲੱਗਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜਿਸ ਕਾਰਨ ਕੱਪੜੇ ਖਰਾਬ ਹੋ ਸਕਦੇ ਹਨ।
ਊਨੀ ਕੱਪੜਿਆਂ ਨੂੰ ਪ੍ਰੈੱਸ ਨਾ ਕਰੋ
ਊਨੀ ਕੱਪੜੇ ਬਹੁਤ ਨਾਜ਼ੁਕ ਹੁੰਦੇ ਹਨ। ਊਨੀ ਕੱਪੜਿਆਂ ਨੂੰ ਪ੍ਰੈੱਸ ਕਰਨ ਨਾਲ ਉਹ ਸੜ ਸਕਦੇ ਹਨ, ਇਸ ਲਈ ਊਨੀ ਕੱਪੜੇ ਪ੍ਰੈੱਸ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ, ਜੇਕਰ ਤੁਹਾਨੂੰ ਊਨੀ ਕੱਪੜੇ ਪ੍ਰੈੱਸ ਕਰਨ ਦੀ ਜ਼ਰੂਰਤ ਹੈ, ਤਾਂ ਕੱਪੜੇ ਨੂੰ ਸਿੱਧਾ ਨਾ ਛੂਹੋ ਅਤੇ ਇਸ 'ਤੇ ਇੱਕ ਸੂਤੀ ਸਕਾਰਫ ਜਾਂ ਅਖਬਾਰ ਵਿਛਾ ਕੇ ਅਜਿਹਾ ਕਰੋ।
ਕੱਪੜਿਆਂ ਦਾ ਖਾਸ ਧਿਆਨ ਰੱਖੋ
ਕਹਿੰਦੇ ਹਨ ਕਿ ਕੱਪੜਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਕੱਪੜੇ ਤੁਹਾਡੀ ਇੱਜ਼ਤ ਵਧਾਉਂਦੇ ਹਨ। ਇਸ ਲਈ ਕੱਪੜਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੇ ਕੱਪੜਿਆਂ 'ਤੇ ਲਿਖਿਆ ਹੈ 'ਡਰਾਈ ਕਲੀਨ ਓਨਲੀ' ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਸਿਰਫ ਡਰਾਈ ਕਲੀਨ ਕਰਵਾਓ। ਕੋਟ ਅਤੇ ਬਲੇਜ਼ਰ, ਜੈਕਟਾਂ ਜਾਂ ਨਰਮ ਉੱਨ ਦੇ ਸਵੈਟਰ ਆਦਿ ਨਾਜ਼ੁਕ ਊਨੀ ਕੱਪੜੇ ਹਨ।
ਇਹ ਕੱਪੜੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਬਹੁਤ ਪ੍ਰਭਾਵਿਤ ਹੋ ਸਕਦੇ ਹਨ, ਜਿਸ ਕਾਰਨ ਇਹ ਪਹਿਨਣਯੋਗ ਨਹੀਂ ਹੋ ਜਾਂਦੇ ਹਨ ਅਤੇ ਆਪਣੀ ਚਮਕ ਗੁਆ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਉੱਪਰ ਦੱਸੇ ਉਪਾਵਾਂ ਨੂੰ ਅਪਣਾ ਕੇ ਆਪਣੇ ਕੱਪੜਿਆਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ, ਕਿਉਂਕਿ ਕੱਪੜੇ ਤੁਹਾਡੀ ਸੁੰਦਰਤਾ ਦਾ ਧਿਆਨ ਰੱਖਦੇ ਹਨ।