International Women's Day: ਮਹਿਲਾ ਦਿਵਸ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਇਹ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ। ਔਰਤਾਂ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ਼ ਉਠਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਇਸ ਤਹਿਤ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਮਨਾਇਆ ਜਾ ਰਿਹਾ ਹੈ।


ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ (International Women's Day History)
ਇਤਿਹਾਸ ਵਿੱਚ ਝਾਤ ਮਾਰੀਏ ਤਾਂ ਔਰਤਾਂ ਕੋਲ ਉਹ ਅਧਿਕਾਰ ਤੇ ਸਾਧਨ ਨਹੀਂ ਸਨ ਜੋ ਮਰਦਾਂ ਕੋਲ ਸੀ ਤੇ ਜੋ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸਨ। ਉਨ੍ਹਾਂ ਦੇ ਕੰਮ ਦੇ ਘੰਟੇ ਲੰਬੇ ਸਨ, ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ। 


ਇਤਿਹਾਸ ਮੁਤਾਬਕ 1908 ਵਿੱਚ ਇਸ ਵਿਤਕਰੇ ਤੇ ਜ਼ੁਲਮ ਨੂੰ ਲੈ ਕੇ ਔਰਤਾਂ ਵਿੱਚ ਚੇਤਨਾ ਪੈਦਾ ਹੋ ਗਈ ਤੇ ਅੰਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਤਕਰੀਬਨ 15,000 ਔਰਤਾਂ ਨੇ ਨਿਊਯਾਰਕ ਦੀਆਂ ਸੜਕਾਂ ’ਤੇ ਰੈਲੀ ਕੱਢੀ। 1910 ਵਿੱਚ ਕੰਮਕਾਜੀ ਔਰਤਾਂ ਦੇ ਸਬੰਧ ਵਿੱਚ ਕੋਪਨਹੇਗਨ ਵਿੱਚ ਇੱਕ ਕਾਨਫਰੰਸ ਹੋਈ।


1911 ਵਿੱਚ, ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਨੇਤਾ ਕਲਾਰਾ ਜੇਟਕਿਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰਸਤਾਵ ਰੱਖਿਆ। ਇਸ ਨੂੰ 19 ਮਾਰਚ ਨੂੰ ਮਨਾਇਆ ਗਿਆ। ਇਸ ਦੇ ਨਾਲ ਹੀ 1913-1914 ਵਿੱਚ, ਰੂਸ ਵਿੱਚ 23 ਫਰਵਰੀ ਨੂੰ ਪਹਿਲਾ ਮਹਿਲਾ ਦਿਵਸ ਮਨਾਇਆ ਗਿਆ ਤੇ ਬਾਅਦ ਵਿੱਚ ਇਸ ਨੂੰ ਵਿਸ਼ਵ ਪੱਧਰ 'ਤੇ 8 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿੱਚ ਮਹਿਲਾ ਦਿਵਸ ਮਨਾਉਣਾ 1975 ਵਿੱਚ ਸ਼ੁਰੂ ਹੋਇਆ।


ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ (International Women's Day Significance/Importance)


ਇਹ ਦਿਨ ਸਿਰਫ਼ ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਇਸ ਨੂੰ ਕੈਲੰਡਰ ਵਿੱਚ ਦਿਖਾਉਣਾ ਹੁੰਦਾ ਹੈ। ਸਗੋਂ ਇਸ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਔਰਤਾਂ ਹਨ ਜੋ ਜੁਲਮ ਦਾ ਸ਼ਿਕਾਰ ਹਨ, ਸਿੱਖਿਆ ਤੋਂ ਵਾਂਝੀਆਂ ਹਨ, ਭਰੂਣ ਹੱਤਿਆ ਕਰਨ ਲਈ ਮਜ਼ਬੂਰ ਹਨ, ਜਿਨ੍ਹਾਂ ਕੋਲ ਕੰਮ ਦਾ ਕੋਈ ਸਾਧਨ ਨਹੀਂ ਜਾਂ ਭੁੱਖਮਰੀ ਵਿੱਚ ਰਹਿ ਰਹੀਆਂ ਹਨ। ਲੋੜ ਹੈ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨ ਤੇ ਇਸ ਵਿਤਕਰੇ ਨੂੰ ਘੱਟ ਕਰਨ ਦੀ, ਇਸੇ ਲਈ ਅੱਜ ਵੀ ਇਸ ਦਿਨ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਸਾਲ ਪਹਿਲਾਂ ਸੀ।