ਚੇਨਈ: ਤਾਮਿਲਨਾਡੂ 'ਚ ਤਿਰੂਪੁਰ ਜ਼ਿਲ੍ਹੇ ਦੇ ਅਨਾਥ ਸ਼ਹਿਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਕੇਰਲਾ ਸਟੇਟ ਟਰਾਂਸਪੋਰਟ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ '19 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 20 ਤੋਂ ਜਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ '14 ਪੁਰਸ਼ ਤੇ 5 ਔਰਤਾਂ ਹਨ।


ਬੱਸ ਕਰਨਾਟਕ ਦੇ ਬੈਂਗਲੁਰੂ ਤੋਂ ਕੇਰਲਾ ਦੇ ਏਰਨਾਕੁਲਮ ਜਾ ਰਹੀ ਸੀ। ਟਰੱਕ ਕੋਇੰਬਟੂਰ-ਸਲੇਮ ਹਾਈਵੇ 'ਤੇ ਉਲਟ ਦਿਸ਼ਾ ਤੋਂ ਆ ਰਿਹਾ ਸੀ। ਇਹ ਹਾਦਸਾ ਸਵੇਰੇ 4.30 ਵਜੇ ਵਾਪਰਿਆ। ਬੱਸ '48 ਵਿਅਕਤੀ ਸਵਾਰ ਸੀ। ਅਵਿਨਾਸ਼ੀ ਟਾਉਨ ਦੇ ਉਪ ਤਹਿਸੀਲਦਾਰ ਨੇ ਦੱਸਿਆ ਕਿ ਅਵਿਨਾਸ਼ੀ ਕਸਬੇ ਨੇੜੇ ਬੱਸ ਤੇ ਟਰੱਕ ਦੀ ਟੱਕਰ '19 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਤਿਰੂਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਬਚਾਅ ਕਰਨ ਵਾਲੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਨ ਤੇ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।

ਤਾਮਿਲਨਾਡੂ ਦੇ ਮੁੱਖ ਮੰਤਰੀ ਦਫਤਰ ਨੇ ਦੱਸਿਆ ਕਿ ਸੀਐਮ ਪਿਨਾਰਾਈ ਵਿਜਯਨ ਨੇ ਪਲਾਕਡ ਦੇ ਜ਼ਿਲ੍ਹਾ ਕੁਲੈਕਟਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦ ਤੋਂ ਜਲਦ ਹਾਦਸੇ ਦੇ ਪੀੜਤਾਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ। ਮ੍ਰਿਤਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।



ਕੇਰਲ ਦੇ ਟਰਾਂਸਪੋਰਟ ਮੰਤਰੀ ਏਕੇ ਸਸੀਂਦਰਨ ਨੇ ਦੱਸਿਆ ਕਿ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਕੇਐਸਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਇਸ ਦੀ ਪੜਤਾਲ ਕਰਨਗੇ ਤੇ ਰਿਪੋਰਟ ਪੇਸ਼ ਕਰਨਗੇ।