ਸੰਗਰੂਰ: ਕੋਰੋਨਾ ਦੇਸ਼ 'ਚ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਦਿਨੋ ਦਿਨ ਸਥਿਤੀ ਵਿਗੜਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਸਥਿਤੀ ਇਕੋ ਜਿਹੀ ਹੈ। ਹੁਣ ਸ਼ਹਿਰਾਂ ਤੋਂ ਬਾਅਦ ਕੋਰੋਨਾ ਨੇ ਪਿੰਡਾਂ ਨੂੰ ਵੀ ਆਪਣੀ ਪਕੜ 'ਚ ਲੈਣਾ ਸ਼ੁਰੂ ਕਰ ਦਿੱਤਾ। ਸੰਗਰੂਰ ਦੇ ਪਿੰਡ ਤਾਕੀਪੁਰ ਵਿਖੇ ਕੋਰੋਨਾ ਕਾਰਨ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਹੈ। ਜਿਸ 'ਚ ਪਿੰਡ ਦਾ ਸਾਬਕਾ ਸਰਪੰਚ ਅਤੇ ਉਸ ਦੇ ਦੋ ਬੇਟੇ ਅਤੇ ਇਕ ਬੇਟੀ ਸ਼ਾਮਲ ਹਨ। ਇਹ ਸਭ ਇਕ ਹਫਤੇ ਦੇ ਅੰਦਰ-ਅੰਦਰ ਹੋ ਗਿਆ। ਜਿਸ ਤੋਂ ਬਾਅਦ ਪਿੰਡ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ਗਲੀਆਂ ਸੁਨਸਾਨ ਹਨ। ਕੋਈ ਵੀ ਘਰ ਦੇ ਬਾਹਰ ਦਿਖਾਈ ਨਹੀਂ ਦੇ ਰਿਹਾ। 


 


ਜਦੋਂ ਪਿੰਡ ਦੇ ਪੰਚਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਰਲੋਕ ਸਿੰਘ ਪਿੰਡ ਦਾ ਸਾਬਕਾ ਸਰਪੰਚ ਸੀ ਅਤੇ ਉਸ ਦਾ ਇੱਕ ਬਹੁਤ ਚੰਗਾ ਪਰਿਵਾਰ ਸੀ। ਪਿੰਡ ਵਿੱਚ ਉਸਦੇ ਬਹੁਤ ਚੰਗੇ ਸਬੰਧ ਸੀ। ਉਨ੍ਹਾਂ ਕਿਹਾ ਕਿ ਅਚਾਨਕ ਹੋਈ ਮੌਤ ਕਾਰਨ ਸਾਰੇ ਪਿੰਡ 'ਚ ਡਰ ਦਾ ਮਾਹੌਲ ਹੈ। ਲੋਕ ਦੂਰੀ ਬਣਾ ਕੇ ਅਤੇ ਮਾਸਕ ਪਾ ਕੇ ਰਹਿਣ ਲੱਗੇ ਹਨ। 


 


ਪਿੰਡ ਦੇ ਇੱਕ ਵਿਅਕਤੀ ਜਸਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਕਾਫ਼ੀ ਚੰਗੇ ਸੀ। ਤ੍ਰਿਲੋਕ ਸਿੰਘ ਲਗਾਤਾਰ 10 ਸਾਲਾਂ ਤੋਂ ਪਿੰਡ ਵਿੱਚ ਸਰਪੰਚ ਸੀ ਅਤੇ ਉਹ ਬਹੁਤ ਚੰਗੇ ਸੁਭਾਅ ਵਾਲੇ ਵੀ ਸੀ। ਦੂਜੇ ਲੋਕਾਂ ਨੂੰ ਅਪੀਲ ਹੈ ਕਿ ਭਿਆਨਕ ਬਿਮਾਰੀ ਥੋੜ੍ਹੀ ਦੇਰ ਬਾਅਦ ਦੂਰ ਹੋ ਜਾਵੇਗੀ, ਪਰ ਹਰੇਕ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ। 


 


ਪੰਜਾਬ ਵਿੱਚ ਸੋਮਵਾਰ ਨੂੰ 198 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਜਦਕਿ 8625 ਨਵੇਂ ਕੇਸ ਸਾਹਮਣੇ ਆਏ। 298 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਤੱਕ 7805157 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। 


 


ਇਨ੍ਹਾਂ 'ਚੋਂ 450674 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਚੰਗੀ ਗੱਲ ਇਹ ਹੈ ਕਿ 364170 ਸੰਕਰਮਿਤ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 75800 ਹੈ। 9376 ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।