ਚੰਡੀਗੜ੍ਹ: ਗੁੱਲੀ ਡੰਡਾ ਕਣਕ ਦਾ ਮੁੱਖ ਨਦੀਨ ਹੈ ਜਿਹੜਾ ਕਣਕ ਦੇ ਉਤਪਾਦਨ ਨੂੰ ਘਟਾਉਂਦਾ ਹੈ। ਠੰਢੇ ਮੌਸਮ ਦੌਰਾਨ ਸਿੱਲ੍ਹੇ ਖੇਤਾਂ ਵਿੱਚ ਇਸ ਨਦੀਨ ਦਾ ਜਮਾਅ ਤੇ ਵਾਧਾ ਜਲਦੀ ਹੁੰਦਾ ਹੈ। ਅੱਧ ਨਵੰਬਰ ਵਿੱਚ ਪਈ ਬਾਰਸ਼ ਨਾਲ ਗੁਲੀ ਡੰਡੇ ਦੀ ਸਮੱਸਿਆ ਵਿੱਚ ਹੋਰ ਵੀ ਵਾਧਾ ਹੋਇਆ ਹੈ।
ਕਿਸਾਨਾਂ ਦੇ ਖੇਤਾਂ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਹੀ ਗੁਲੀ ਡੰਡਾ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਹੈ। ਜੇ ਇਸ ਨਦੀਨ ਦੀ ਰੋਕਥਾਮ ਵਿੱਚ ਦੇਰੀ ਕੀਤੀ ਗਈ ਤਾਂ ਪਹਿਲੇ ਪਾਣੀ ਤੋਂ ਬਾਅਦ ਇਹ ਨਦੀਨ ਬਹੁਤ ਵੱਡਾ ਹੋ ਜਾਵੇਗਾ। ਇਸ ਦੀ ਨਦੀਨਨਾਸ਼ਕ ਦੀ ਵਰਤੋਂ ਨਾਲ ਰੋਕਥਾਮ ਬਹੁਤ ਔਖੀ ਹੋਵੇਗੀ।
ਇਹ ਜਾਣਕਾਰੀ ਅੱਜ ਇੱਥੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਠਾਕਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹੋ ਜਿਹੀਆਂ ਹਾਲਤਾਂ ਵਿੱਚ ਕਿਸਾਨਾਂ ਨੂੰ 13 ਗ੍ਰਾਮ ਪ੍ਰਤੀ ਏਕੜ ਲੀਡਰ/ਸਫਰ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਦੀ ਵਰਤੋਂ ਕਰਕੇ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਜਿਹੜੇ ਖੇਤਾਂ ਵਿੱਚ ਆਇਸੋਪ੍ਰੋਟੂਰਾਨ ਨਾਲ ਗੁਲੀ ਡੰਡੇ ਦੀ ਵਧੀਆਂ ਰੋਕਥਾਮ ਹੁੰਦੀ ਹੈ, ਉੱਥੇ ਜ਼ਮੀਨ ਦੀ ਕਿਸਮ ਦੇ ਆਧਾਰ ਤੇ 300 ਤੋਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਆਇਸੋਪ੍ਰੋਟੂਰਾਨ ਦਾ ਕੋਈ ਮਾਰਕਾ (ਜਿਵੇਂ ਕਿ ਐਰੀਲਾਨ, ਆਇਸੋਗਾਰਡ 75 ਡਬਲਯੂ ਪੀ) ਦਾ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।