ਲੁਧਿਆਣਾ: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਵਿੱਚ ਅੱਜ ਤੋਂ ਕਿਸਾਨ ਮੇਲਾ ਸ਼ੁਰੂ ਹੋ ਰਿਹਾ ਹੈ। ਪੀਏਯੂ ਵਿੱਚ ਇਹ ਮੇਲਾ ਕਰੋਨਾ ਵਾਇਰਸ ਦੇ ਕਹਿਰ ਕਰਕੇ ਦੋ ਸਾਲ ਬਾਅਦ ਲੱਗ ਰਿਹਾ ਹੈ। ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ, ਜਦੋਂਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।



ਇਸ ਬਾਰੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲਾ ਪੇਂਡੂ ਲੋਕਾਂ ਵਿੱਚ ਸੁਧਰੇ ਹੋਏ ਗਿਆਨ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਫਲਾਂ ਦੇ ਬੂਟੇ ਫਲ ਵਿਗਿਆਨ ਵਿਭਾਗ ਦੇ ਬਾਗਾਂ ਨੇੜੇ, ਫੁੱਲ ਗੇਟ ਨੰਬਰ-2 ਦੇ ਨੇੜਿਓਂ ਖਰੀਦੇ ਜਾ ਸਕਦੇ ਹਨ।

ਦੂਜੇ ਪਾਸੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੋ ਰੋਜ਼ਾ ਪਸ਼ੂ ਪਾਲਣ ਮੇਲਾ 23 ਨੂੰ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ। ਇਸ ਮੇਲੇ ਦਾ ਨਾਅਰਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’ ਰੱਖਿਆ ਗਿਆ ਹੈ।

’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੇਲੇ ਵਿੱਚ ਕਈ ਨਵੀਆਂ ਜਾਣਕਾਰੀਆਂ ਤੇ ਵੇਖਣਯੋਗ ਚੀਜਾਂ ਮਿਲਣਗੀਆਂ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ, ਇਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ।


ਪੰਜਾਬ ਦੇ ਪੰਜ ਕਿਸਾਨਾਂ ਦਾ ਹੋਏਗਾ ਸਨਮਾਨ


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਚਾਰ ਕਿਸਾਨ ਤੇ ਇੱਕ ਕਿਸਾਨ ਬੀਬੀ ਨੂੰ ਸਨਮਾਨਿਤ ਕੀਤਾ ਜਾਵੇਗਾ। ਹਾਸਲ ਜਾਣਕਾਰੀ ਮੁਤਾਬਕ ਅੱਜ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੇ ਚਾਰ ਕਿਸਾਨ ਤੇ ਇੱਕ ਕਿਸਾਨ ਬੀਬੀ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪੂਰਨੇ ਪਾਏ ਹਨ ਤੇ ਇਹ ਹੁਣ ਪ੍ਰੇਰਨਾ ਦੇ ਸਰੋਤ ਬਣ ਗਏ ਹਨ। 


 


ਇਨ੍ਹਾਂ ਕਿਸਾਨਾਂ ਵਿੱਚੋਂ ਪਿੰਡ ਸਵੱਦੀ ਕਲਾਂ ਦੇ ਅਗਾਂਹਵਧੂ ਕਿਸਾਨ ਸਤਪਾਲ ਸਿੰਘ ਤੂਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਪਰਵਾਸੀ ਭਾਰਤੀ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ। 


ਇਨ੍ਹਾਂ ਤੋਂ ਇਲਾਵਾ 2022 ਦਾ ਸੁਰਜੀਤ ਸਿੰਘ ਢਿੱਲੋਂ ਐਵਾਰਡ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਥਰੋੜ ਦੇ ਕਿਸਾਨ ਸਤਨਾਮ ਸਿੰਘ, ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਦੇ ਮਨਜੀਤ ਸਿੰਘ, ਸਰਦਾਰਨੀ ਜਗਬੀਰ ਕੌਰ ਐਵਾਰਡ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਸੀ ਕਿਸਾਨ ਬੀਬੀ ਵੀਰਪਾਲ ਕੌਰ ਨੂੰ ਦਿੱਤਾ ਜਾ ਰਿਹਾ ਹੈ। ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਪੁਰਸਕਾਰ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਬਲਾਕ ਵਿੱਚ ਪੈਂਦੇ ਪਿੰਡ ਰਣਸੀਂਹ ਕਲਾਂ ਨੂੰ ਦਿੱਤਾ ਜਾਵੇਗਾ।