ਅਸੀਂ ਸੰਗੀਤ ਸੁਣ ਕੇ ਬਹੁਤ ਆਨੰਦ ਲੈਂਦੇ ਹਾਂ। ਜੇਕਰ ਅਸੀਂ ਤਣਾਅ ਮਹਿਸੂਸ ਕਰ ਰਹੇ ਹਾਂ ਤਾਂ ਸੰਗੀਤ ਸਾਡੀ ਬਹੁਤ ਮਦਦ ਕਰਦਾ ਹੈ। ਸੰਗੀਤ ਕਾਰਨ ਮਾਨਸਿਕ ਤਣਾਅ ਨੂੰ ਦੂਰ ਕਰਨ ਦੀ ਕਈ ਖੋਜਾਂ ਵਿੱਚ ਪੁਸ਼ਟੀ ਹੋਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਸੰਗੀਤ ਸੁਣਨ ਨਾਲ ਮਨੁੱਖ ਦੀ ਉਤਪਾਦਕਤਾ ਵਧਦੀ ਹੈ, ਉਸੇ ਤਰ੍ਹਾਂ ਹੀ ਇਸ ਦਾ ਅਸਰ ਗਾਵਾਂ ਅਤੇ ਮੱਝਾਂ 'ਤੇ ਵੀ ਦੇਖਣ ਨੂੰ ਮਿਲਦਾ ਹੈ।

 

ਦਰਅਸਲ, ਕਰਨਾਲ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (NDRI) ਦੀ ਇੱਕ ਸਟੱਡੀ 'ਚ ਗਾਵਾਂ ਅਤੇ ਮੱਝਾਂ 'ਤੇ ਮਿਊਜ਼ਿਕ ਦਾ ਅਸਰ ਹੋਣ ਨੂੰ ਲੈ ਕੇ ਗੱਲ ਕਹੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਸੰਗੀਤ ਨਾਲ ਇਨਸਾਨਾਂ ਨੂੰ ਤਣਾਅਮੁਕਤ ਹੋਣ 'ਚ ਮਦਦ ਮਿਲਦੀ ਹੈ , ਉਸੇ ਤਰ੍ਹਾਂ ਜਾਨਵਰਾਂ 'ਤੇ ਵੀ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ। ਦੁਧਾਰੂ ਪਸ਼ੂਆਂ 'ਤੇ ਕੀਤੇ ਗਏ ਇਸ ਅਧਿਐਨ 'ਚ ਦੱਸਿਆ ਗਿਆ ਹੈ ਕਿ ਸੰਗੀਤ ਕਾਰਨ ਜਾਨਵਰ ਤਣਾਅ ਮੁਕਤ ਰਹਿੰਦੇ ਹਨ।

 

 ਮਿਊਜ਼ਿਕ ਨਾਲ ਵੱਧਦੀ ਹੈ ਦੁੱਧ ਦੇਣ ਦੀ ਸਮਰੱਥਾ


NDRI ਦੀ ਇੱਕ ਸ਼ਾਖਾ ਜਲਵਾਯੂ ਪ੍ਰਤੀਰੋਧਕ ਪਸ਼ੂਧਨ ਖੋਜ ਕੇਂਦਰ ਨੇ ਚਾਰ ਸਾਲਾਂ ਤੱਕ ਇਹ ਅਧਿਐਨ ਕੀਤਾ। ਇਸ ਅਧਿਐਨ ਲਈ ਹਜ਼ਾਰਾਂ ਦੁਧਾਰੂ ਪਸ਼ੂਆਂ 'ਤੇ ਖੋਜ ਕੀਤੀ ਗਈ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸੰਗੀਤ ਪਸ਼ੂਆਂ ਦੀ ਸਿਹਤ ਨੂੰ ਬਿਹਤਰ ਰੱਖਣ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਵਧ ਜਾਂਦੀ ਹੈ, ਯਾਨੀ ਗਾਵਾਂ-ਮੱਝਾਂ ਨੂੰ ਮਿਊਜ਼ਿਕ ਸੁਣਾਓ... ਜ਼ਿਆਦਾ ਦੁੱਧ ਪਾਓ ! 

 

 ਜਾਨਵਰਾਂ 'ਤੇ ਕਿਵੇਂ ਹੁੰਦਾ ਹੈ ਮਿਊਜ਼ਿਕ ਦਾ ਅਸਰ ?

 

ਪਸ਼ੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਖੋਜ ਜਾਨਵਰਾਂ 'ਤੇ ਸੰਗੀਤ ਦੇ ਪ੍ਰਭਾਵਾਂ ਨੂੰ ਜਾਣਨ ਲਈ ਕੀਤੀ ਗਈ ਸੀ, ਜਿਸ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਅਜਿਹਾ ਹੁੰਦਾ ਹੈ ਕਿ ਸੰਗੀਤ ਦੇ ਕਾਰਨ ਗਾਂ ਦੇ ਦਿਮਾਗ ਵਿੱਚ ਮੌਜੂਦ ਆਕਸੀਟੌਸਿਨ ਹਾਰਮੋਨ ਐਕਟਿਵ ਹੋ ਜਾਂਦੇ ਹਨ, ਜੋ ਇਸਨੂੰ ਜ਼ਿਆਦਾ ਦੁੱਧ ਦੇਣ ਲਈ ਐਕਟਿਵ ਕਰ ਦਿੰਦੇ ਹਨ। ਜਾਨਵਰਾਂ 'ਤੇ ਜਲਵਾਯੂ ਪਰਿਵਰਤਨ ਦੇ ਅਸਰ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਸੀ, ਜਿਸ ਦੇ ਹਿੱਸੇ ਵਜੋਂ ਇਹ ਖੋਜ ਹੋਈ।

ਪਸ਼ੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕ ਪਸ਼ੂਆਂ ਨੂੰ ਇੱਕ ਥਾਂ ਬੰਨ੍ਹ ਦਿੰਦੇ ਹਨ, ਜਿਸ ਕਾਰਨ ਉਹ ਤਣਾਅ ਵਿੱਚ ਆ ਜਾਂਦੇ ਹਨ। ਇਸ ਦਾ ਅਸਰ ਉਨ੍ਹਾਂ ਦੇ ਸਰੀਰ 'ਤੇ ਦੇਖਣ ਨੂੰ ਮਿਲਦਾ ਹੈ।