ਚੰਡੀਗੜ੍ਹ: "ਦੇਸ਼ ਵੱਡੇ ਖੇਤੀਬਾੜੀ ਸੰਕਟ ਵਿੱਚੋਂ ਗੁਜ਼ਰ ਹੈ। ਇਸ ਦਾ ਜੇਕਰ ਕੋਈ ਹੱਲ ਲੱਭਣਾ ਹੈ ਤਾਂ ਸਰਕਾਰ ਨੂੰ ਜਲਦੀ ਹੀ ਖੇਤੀਬਾੜੀ ਸੰਕਟ ਬਾਰੇ 20 ਦਿਨ ਦਾ ਵਿਸ਼ੇਸ਼ ਸੰਸਦ ਸੈਸ਼ਨ ਬਲਾਉਣਾ ਚਾਹੀਦਾ ਹੈ। ਜੇ ਅੰਬਾਨੀ ਭਰਾਵਾਂ ਦੇ ਗੈਸ ਮਸਲੇ 'ਤੇ ਸਰਕਾਰ ਸੰਸਦ ਵਿੱਚ ਚਰਚਾ ਕਰ ਸਕਦੀ ਹੈ ਤਾਂ ਕਿਸਾਨਾਂ 'ਤੇ ਕਿਉਂ ਨਹੀਂ ਹੁੰਦੀ?" ਇਹ ਗੱਲ ਦੇਸ਼ ਦੇ ਮੰਨੇ-ਪ੍ਰਮੰਨੇ ਪੇਂਡੂ ਤੇ ਖੇਤੀਬਾੜੀ ਮਾਮਲਿਆਂ ਬਾਰੇ ਅਰਥਸ਼ਾਸਤਰੀ ਪੀ. ਸਾਈਨਾਥ ਨੇ ਕਹੀ ਹੈ।
ਉਨ੍ਹਾਂ ਕਿਹਾ ਕਿ ਇਸ ਦੇਸ਼ ਦੀਆਂ ਸਰਕਾਰਾਂ ਕਾਰਪੋਰੇਟ ਲਈ ਕੰਮ ਕਰ ਰਹੀਆਂ ਹਨ ਤੇ ਕਿਸਾਨ ਤੇ ਮਜ਼ਦੂਰ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਹਾਲ ਇਹ ਹੈ ਕਿ ਉਹ ਔਰਤ ਨੂੰ ਕਿਸਾਨ ਨਹੀਂ ਮੰਨਦੀਆਂ। ਇਸੇ ਲਈ ਕਿਸਾਨ ਖੁਦਕੁਸ਼ੀਆਂ ਵਿੱਚ ਔਰਤਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਪੇਸ਼ ਨਹੀਂ ਕੀਤੇ ਜਾਂਦੇ।
ਸਾਈਨਾਥ ਨੇ ਕਿਹਾ ਕਿ ਕਿਸਾਨਾਂ ਦਾ ਪਿਛਲੇ ਸਾਲਾਂ ਵਿੱਚ ਜ਼ਮੀਨਾਂ ਐਕਵਾਇਰ ਕਰਕੇ ਬਹੁਤ ਵੱਡਾ ਉਜਾੜਾ ਕੀਤਾ ਗਿਆ ਹੈ। ਉਨ੍ਹਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲਈਆਂ ਗਈਆਂ ਤੇ ਅੱਗੇ ਉਸ ਤੋਂ ਅਰਬਾਂ ਰੁਪਏ ਕਮਾਏ ਗਏ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੇ ਪੱਧਰ 'ਤੇ ਖੇਤ ਮਜ਼ਦੂਰ ਵੀ ਬਰਬਾਦ ਹੋਇਆ ਹੈ ਕਿਉਂਕਿ ਉਹ ਖੇਤੀਬਾੜੀ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਦੀ ਸਬਸਿਡੀ ਬਾਰੇ ਕਿਹਾ ਕਿ ਐਵੇਂ ਹੀ ਵੱਡਾ ਰੋਲਾ ਪੈਂਦਾ ਹੈ ਪਰ ਸੱਚ ਇਹ ਹੈ ਕਿ ਯੂਰਪ ਵਿੱਚ ਇੱਕ ਗਾਂ ਨੂੰ ਵੀ ਸਾਡੇ ਕਿਸਾਨ ਤੋਂ ਕਿਤੇ ਵੱਧ ਸਬਸਿਡੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਮੀਰ ਬਹੁਤ ਅਮੀਰ ਹੋ ਰਹੇ ਹਨ ਤੇ ਗਰੀਬ ਬਹੁਤ ਗਰੀਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਮੀਰੀ-ਗਰੀਬੀ ਦਾ ਇਹ ਪਾੜਾ ਪਿਛਲੇ 7-8 ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ। ਉਨ੍ਹਾਂ ਕਿਹਾ ਅਮੀਰੀ-ਗਰੀਬੀ ਦਾ ਇਹ ਪਾੜਾ ਭਾਰਤ ਲਈ ਕੋਈ ਵੱਡਾ ਸੰਕਟ ਖੜ੍ਹਾ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਮਰੱਥ ਬਣਾਇਆ ਜਾਵੇ।