ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਹੀਂ ਰੁੱਕ ਰਹੀਆਂ ਹਨ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦਾ ਵੀ ਅਜਿਹਾ ਹੀ ਹਾਲ ਹੈ। ਪੰਜਾਬ ਵਿੱਚ ਮਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਸਾਰੀਆਂ ਸਹੂਲਤਾਂ ਦੇਵਾਂਗੇ ਪਰ ਪੰਜਾਬ ਸਰਕਾਰ ਵੀ ਇਸ ਸਬੰਧੀ ਫੇਲ੍ਹ ਸਾਬਿਤ ਹੋ ਰਹੀ ਹੈ।


ਤਿੰਨ ਸੂਬੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਸਥਿਤੀ ਇਹ ਹੈ ਕਿ 2022 ਦਾ ਰਿਕਾਰਡ ਟੁੱਟ ਗਿਆ ਹੈ। ਇਸ ਦੇ ਨਾਲ ਹੀ ਸਾਲ 2021 ਦੇ ਅੰਕੜੇ ਵੀ ਬਰਾਬਰ ਹੋ ਗਏ ਹਨ।


ਪਰਾਲੀ ਦਾ ਧੂੰਆਂ ਇੱਕ ਵਾਰ ਫਿਰ ਦਿੱਲੀ-ਐਨਸੀਆਰ ਦੀ ਹਵਾ ਨੂੰ ਖ਼ਰਾਬ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹਰ ਸਾਲ ਵਾਢੀ ਤੋਂ ਬਾਅਦ ਝੋਨੇ ਦੇ ਨਾੜ ਨੂੰ ਖੇਤਾਂ ਵਿੱਚ ਸਾੜਨ ਦਾ ਰੁਝਾਨ ਹੈ ਜੋ ਘਟਿਆ ਨਹੀਂ ਸਗੋਂ ਵੱਧਦਾ ਜਾ ਰਿਹਾ ਹੈ। 


ਖੇਤਾਂ ਵਿੱਚ ਪਰਾਲੀ ਸਾੜਨ ਤੋਂ ਉੱਠਣ ਵਾਲੇ ਧੂੰਏਂ ਨੇ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਕੌਮੀ ਰਾਜਧਾਨੀ ਦਿੱਲੀ ਖੇਤਰ ਦਾ ਦਮ ਘੁੱਟਿਆ ਹੋਇਆ ਹੈ। ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਗਏ ਸਾਰੇ ਉਪਾਅ ਹੁਣ ਤੱਕ ਨਾਕਾਫ਼ੀ ਸਾਬਤ ਹੋਏ ਹਨ। ਇਸ ਸਾਲ ਵੀ 15 ਸਤੰਬਰ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹੋਣੀਆਂ ਸ਼ੁਰੂ ਹੋ ਗਈਆਂ ਹਨ। 30 ਸਤੰਬਰ ਤੱਕ ਅਜਿਹੀਆਂ 322 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।


ਭਾਰਤੀ ਖੇਤੀ ਖੋਜ ਸੰਸਥਾਨ  ਦੀ ਰੀਅਲ-ਟਾਈਮ ਨਿਗਰਾਨੀ ਅਨੁਸਾਰ, ਪੰਜਾਬ ਵਿੱਚ ਹੁਣ ਤੱਕ ਸਭ ਤੋਂ ਵੱਧ 214 ਕੇਸ ਦਰਜ ਕੀਤੇ ਗਏ ਹਨ। ਹਰਿਆਣਾ 75 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਉੱਤਰ ਪ੍ਰਦੇਸ਼ 33 ਮਾਮਲਿਆਂ ਨਾਲ ਤੀਜੇ ਸਥਾਨ 'ਤੇ ਹੈ। ਇਸ ਮਹੀਨੇ ਪਰਾਲੀ ਸਾੜਨ ਦੇ ਮਾਮਲੇ ਹੋਰ ਵਧਣ ਦੀ ਸੰਭਾਵਨਾ ਹੈ।


ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਆਪਣੀ ਕਾਰਜ ਯੋਜਨਾ ਸੌਂਪੀ ਸੀ। ਇਸ ਯੋਜਨਾ ਵਿੱਚ ਪੰਜਾਬ ਨੇ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਨੇ ਮੁਕੰਮਲ ਪਾਬੰਦੀ ਦਾ ਭਰੋਸਾ ਦਿੱਤਾ ਸੀ। ਪਰ ਇਸ ਸਾਰੇ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। 


ਉਧਰ ਪੰਜਾਬ ਸਰਕਾਰ ਨੇ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪਰਾਲੀ ਦੇ ਪ੍ਰਬੰਧਨ ਬਾਰੇ ਤਿਆਰੀ ਖਿੱਚ ਲਈ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਵਰ੍ਹੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 20 ਹਜ਼ਾਰ ਘਟਨਾਵਾਂ ਦੀ ਕਮੀ ਦਰਜ ਕੀਤੀ ਗਈ ਸੀ। ਸਰਕਾਰ ਨੇ ਕੁੱਲ 19.55 ਮਿਲੀਅਨ ਟਨ ਝੋਨੇ ਦੀ ਪਰਾਲੀ ’ਚੋਂ 11.50 ਮਿਲੀਅਨ ਟਨ ਦੇ ਪ੍ਰਬੰਧਨ ਦਾ ਟੀਚਾ ਰੱਖਿਆ ਹੈ। ਬਾਸਮਤੀ ਝੋਨੇ ਦੀ ਕਟਾਈ ਸ਼ੁਰੂ ਹੋਣ ਕਰਕੇ ਪਰਾਲੀ ਨੂੰ ਅੱਗਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਪਿੰਡ ਤੋਂ ਜ਼ਿਲ੍ਹਾ ਪੱਧਰ ਤੱਕ ਕਰੀਬ 8500 ਨੋਡਲ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਕੀਤੇ ਹਨ।