ਅੰਮ੍ਰਿਤਸਰ: ਕਿਸਾਨਾਂ ਤੇ ਆੜਤੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ 5 ਮਈ ਨੂੰ ਕਣਕ ਦੀ ਖਰੀਦ ਬੰਦ ਕਰਨ ਦੇ ਫੈਸਲੇ ਨਾਲ ਕਿਸਾਨਾਂ ਤੇ ਆੜ੍ਹਤੀਆਂ ਦਾ ਨੁਕਸਾਨ ਹੋਇਆ ਹੈ। ਇਸ ਕਰਕੇ ਕਣਕ ਲਿਆਉਣ ਲਈ ਕਿਸਾਨਾਂ 'ਚ ਹਫੜਾ ਦਫੜੀ ਮੱਚ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੇ ਕਣਕ ਦੀ ਖਰੀਦ 31 ਮਈ ਤਕ ਮੁੜ ਵਧਾ ਦਿੱਤੀ ਹੈ ਪਰ ਪਹਿਲਾਂ ਹੀ ਫੈਸਲਾ ਸਰਕਾਰ ਨੂੰ ਵਿਚਾਰ ਕਰਕੇ ਲੈਣਾ ਚਾਹੀਦਾ ਸੀ।
 
ਅੰਮ੍ਰਿਤਸਰ ਦੀ ਭਗਤਾਵਾਲਾਂ ਮੰਡੀ 'ਚ ਕਿਸਾਨਾਂ ਤੇ ਆੜਤੀਆਂ ਨੇ ਪੰਜਾਬ ਸਰਕਾਰ ਦੇ ਸੂਬੇ 'ਚ ਪਹਿਲੀ ਵਾਰੀ ਕਣਕ ਦੀ ਖਰੀਦ ਪੰਜ ਮਈ ਨੂੰ ਬੰਦ ਕਰਨ ਦੇ ਫੈਸਲੇ ਨੂੰ ਨੁਕਸਾਨਦੇਹ ਦੱਸਿਆ ਹੈ। ਆੜਤੀਆਂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਮੰਡੀ 'ਚ ਖਰੀਦ ਬੰਦ ਕਰ ਦਿੱਤੀ। ਦੂਜੇ ਪਾਸੇ ਕੇਂਦਰ ਸਰਕਾਰ ਨੇ ਵੱਡੇ ਘਰਾਣਿਆਂ ਦੇ ਦਬਾਅ ਹੇਠ ਕਣਕ ਦੀ ਐਕਸਪੋਰਟ ਬੰਦ ਕਰ ਦਿੱਤੀ, ਜਿਸ ਨਾਲ ਸਿੱਧਾ ਕਿਸਾਨਾਂ ਤੇ ਆੜਤੀਆਂ ਦਾ ਨੁਕਸਾਨ ਹੋ ਗਿਆ।



ਉਨ੍ਹਾਂ ਕਿਹਾ ਕਿ ਮੰਡੀ 'ਚ ਮੌਜੂਦਾ ਸਮੇਂ 'ਚ ਕਣਕ ਦੀ ਬਹੁਤ ਘੱਟ ਆਮਦ ਰਹਿ ਗਈ ਹੈ ਕਿਉਂਕਿ ਐਕਸਪੋਰਟ ਰੁਕਣ ਨਾਲ ਰੇਟ ਘੱਟ ਗਿਆ। ਇਸ ਵਾਰ ਪਹਿਲੀ ਵਾਰ ਹੋਇਆ ਕਿ ਪ੍ਰਾਈਵੇਟ ਖਰੀਦਦਾਰ 80 ਫੀਸਦੀ ਮੰਡੀ 'ਚੋਂ ਕਣਕ ਖਰੀਦ ਕੇ ਲੈ ਗਏ। ਨਾਲ ਹੀ ਆੜਤੀਆਂ ਨੇ ਮੰਗ ਕੀਤੀ ਕਿ ਸਰਕਾਰ ਲਿਫਟਿੰਗ ਦੇ ਟੈਂਡਰ ਦੇਣ ਵੇਲੇ ਵੀ ਗੰਭੀਰ ਹੋਵੇ ਜਾਂ ਤਾਂ ਟੈਂਡਰ ਆੜਤੀਆਂ ਨੂੰ ਦਿੱਤੇ ਜਾਣ ਜਾਂ ਉਨ੍ਹਾਂ ਟਰਾਂਸਪੋਰਟਰਾਂ ਨੂੰ ਜਿਨਾਂ ਕੋਲ ਵਾਜਬ ਸਾਧਨ ਹੋਣ।

ਦੂਜੇ ਪਾਸੇ ਕੋਹਾਲੀ ਪਿੰਡ ਤੋਂ ਆਏ ਕਿਸਾਨ ਨਿਸ਼ਾਨ ਸਿੰਘ ਤੇ ਨਵਾਂ ਪਿੰਡ ਤੋਂ ਹਰਪ੍ਰੀਤ ਸਿੰਘ ਨੇ ਸਰਕਾਰ ਦੇ ਫੈਸਲੇ ਨੂੰ ਕਿਸਾਨ ਮਾਰੂ ਦੱਸਿਆ ਕਿਉਂਕਿ ਸਰਦੇ ਪੁੱਜਦੇ ਕਿਸਾਨ ਕਣਕ ਉਡੀਕ ਕਰਕੇ ਲਿਆਉਂਦੇ ਹਨ ਤਾਂ ਕਿ ਚੰਗਾ ਰੇਟ ਮਿਲਣ 'ਤੇ ਕਣਕ ਵੇਚ ਸਕਣ ਪਰ ਇਸ ਵਾਰ ਸਰਕਾਰ ਨੇ ਹਫੜਾ ਦਫੜੀ ਦਾ ਮਾਹੌਲ ਸਿਰਜ ਦਿੱਤਾ, ਜੋ ਪਹਿਲੀ ਵਾਰ ਹੋਇਆ ਤੇ ਭਵਿੱਖ 'ਚ ਝੋਨੇ ਦੇ ਸੀਜਨ 'ਚ ਹੀ ਮਾਨ ਸਰਕਾਰ ਸੇਧ ਲਵੇ।