ਚੰਡੀਗੜ੍ਹ: ਚਰਚਾ ਹੈ ਕਿ ਸਰਕਾਰ ਕੋਰੋਨਾ ਦਾ ਵਾਸਤਾ ਦੇ ਕੇ ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਨੂੰ ਉਠਾਉਣ ਦੀ ਰਣਨੀਤੀ ਬਣਾ ਰਹੀ ਹੈ। ਇਸ ਦੇ ਜਵਾਬ ਲਈ ਕਿਸਾਨਾਂ ਨੇ ਵੀ ਤਿਆਰੀ ਖਿੱਚ ਲਈ ਹੈ। ਫਸਲਾਂ ਸਾਂਭਣ ਲਈ ਪਿੰਡਾਂ ਨੂੰ ਪਰਤੇ ਕਿਸਾਨਾਂ ਦੀ ਥਾਂ ਮੋਰਚਿਆਂ ਉੱਪਰ ਔਰਤਾਂ ਪਹੁੰਚ ਰਹੀਆਂ ਹਨ। ਪੰਜਾਬ ਵਿੱਚ ਬਹੁਤ ਸਾਰੇ ਧਰਨਿਆਂ ਦੀ ਕਮਾਨ ਇਸ ਵੇਲੇ ਔਰਤਾਂ ਦੇ ਹੱਥ ਹੈ। ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀਆਂ ਵੱਡੀ ਗਿਣਤੀ ਔਰਤਾਂ ਦਿੱਲੀ ਮੋਰਚਿਆਂ 'ਤੇ ਪਹੁੰਚ ਰਹੀਆਂ ਹਨ।


ਦਰਅਸਲ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਵੱਡੀ ਗਿਣਤੀ ਕਿਸਾਨ ਮੋਰਚਿਆਂ ਤੋਂ ਵਾਪਸ ਆ ਕੇ ਫਸਲਾਂ ਸਾਂਭ ਰਹੇ ਹਨ। ਹੁਣ ਮੋਰਚਿਆਂ ਉੱਪਰ ਲੋਕਾਂ ਦੀ ਗਿਣਤੀ ਘਟਣ ਕਰਕੇ ਚਰਚਾ ਹੈ ਕਿ ਸਰਕਾਰ ਧਰਨੇ ਚੁਕਾਉਣ ਦੀ ਰਣਨੀਤੀ ਬਣਾ ਰਹੀ ਹੈ। ਕਿਸਾਨਾਂ ਨੇ ਇਸ ਦਾ ਜਵਾਬ ਦੇਣ ਲਈ ਆਪਣੀ ਰਣਨੀਤੀ ਘੜ ਲਈ ਹੈ।


ਕਿਸਾਨਾਂ ਦੀ ਨਵੀਂ ਰਣਨੀਤੀ ਤਹਿਤ ਮੋਰਚਿਆਂ ’ਤੇ ਔਰਤਾਂ ਦੀ ਗਿਣਤੀ ਵਧਣ ਲੱਗੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਦੱਸਿਆ ਕਿ 32 ਕਿਸਾਨ-ਜਥੇਬੰਦੀਆਂ ਵੱਲੋਂ ਪੱਕੇ ਮੋਰਚੇ ਦਾ 199ਵੇਂ ਦਿਨ ਵੀ ਜਾਰੀ ਹਨ ਤੇ ਕਿਸਾਨਾਂ ਦੇ ਹਾੜ੍ਹੀ ਦੇ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਹੁਣ ਬਹੁਤੀ ਥਾਈਂ ਮੋਰਚਿਆਂ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ।


ਮੋਰਚਿਆਂ ’ਤੇ ਮੰਚ ਸੰਚਾਲਨ ਸਮੇਤ ਹੋਰ ਪ੍ਰਬੰਧਾਂ ਵਿੱਚ ਔਰਤਾਂ ਵੱਡੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਮੰਡੀਆਂ ਵਿੱਚ ਬੈਠੇ ਕਿਸਾਨ ਵੀ ਕਿਸਾਨੀ ਅੰਦੋਲਨ ਨੂੰ ਮਘਾਉਣ ਦੀ ਰਣਨੀਤੀ ਤਿਆਰ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਮੋਰਚਿਆਂ ’ਚ ਵੀ ਕਿਸਾਨਾਂ ਵੱਲੋਂ ਭਰਵੀਂ ਹਾਜ਼ਰੀ ਲਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਵਾਢੀ ਦਾ ਕੰਮ ਨਿੱਬੜਨ ਮਗਰੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਮੁੜ ਦਿੱਲੀ ਵੱਲ ਨੂੰ ਕੂਚ ਕਰਨਗੇ।


ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸ਼ਾਇਦ ਬਹੁਤ ਵੱਡਾ ਭੁਲੇਖਾ ਸੀ ਕਿ ਵਾਢੀ ਦਾ ਸੀਜ਼ਨ ਆਉਣ ’ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਪਰ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਮਿਲੇ ਭਰਵੇਂ ਹੁੰਗਾਰਿਆਂ ਤੋਂ ਸਰਕਾਰ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ।