Oye Makhna Trailer Out Now: ਪੰਜਾਬੀ ਫ਼ਿਲਮ ‘ਓਏ ਮੱਖਣਾ’ ਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਹੈ। ਅੱਜ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੀ ਕਹਾਣੀ ਜ਼ਰਾ ਵੱਖਰੀ ਹੈ। ਫ਼ਿਲਮ ’ਚ ਦਰਸ਼ਕਾਂ ਨੂੰ ਇਕ ਵਿਲੱਖਣ ਤੇ ਮਨੋਰੰਜਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਲਗਾ ਦਿੰਦਾ ਹੈ, ਫਿਰ ਭਾਵੇਂ ਉਸ ਨੂੰ ਗਲਤ, ਬੇਤੁੱਕਾ ਤੇ ਅਜੀਬ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ, ਉਹ ਪਿੱਛੇ ਨਹੀਂ ਹੱਟਦਾ।


ਇਸੇ ਤਰ੍ਹਾਂ ਫ਼ਿਲਮ ‘ਓਏ ਮੱਖਣਾ’ ’ਚ ਮੱਖਣ (ਐਮੀ ਵਿਰਕ) ਨੂੰ ਤਾਨੀਆ ਦੀ ਸਿਰਫ਼ ਅੱਖਾਂ ਦੇਖ ਦੇ ਹੀ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ। ਐਮੀ ਤਾਨੀਆ ਨਾਲ ਆਪਣੀ ਜੋੜੀ ਫਿੱਟ ਕਰਨ ਲਈ ਵਾਰ-ਵਾਰ ਅਜੀਬੋ-ਗਰੀਬ ਤਰੀਕੇ ਅਪਣਾਉਂਦਾ ਹੈ। ਇਨ੍ਹਾਂ ਅਜੀਬ ਤਰੀਕਿਆਂ ਨਾਲ ਹੀ ਫ਼ਿਲਮ ’ਚ ਮਜ਼ੇਦਾਰ ਕਾਮੇਡੀ ਪੈਦਾ ਹੁੰਦੀ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਕਾਫ਼ੀ ਹੈ। ਫ਼ਿਲਮ ’ਚ ਐਮੀ ਵਿਰਕ ਤੇ ਗੁੱਗੂ ਗਿੱਲ ਦਾ ਬੇਹੱਦ ਖ਼ਾਸ ਰਿਸ਼ਤਾ ਦਿਖਾਇਆ ਗਿਆ ਹੈ।


‘ਓਏ ਮੱਖਣਾ’ ਦੇ ਟਰੇਲਰ ਨੇ ਇੰਡਸਟਰੀ ’ਚ ਧਮਾਲ ਮਚਾ ਦਿੱਤੀ ਹੈ। ਹੁਣ ਦਰਸ਼ਕ ਫ਼ਿਲਮ ਦੀ ਕਹਾਣੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ ਤੇ ਬੇਸਬਰੀ ਨਾਲ 4 ਨਵੰਬਰ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਯਕੀਨੀ ਤੌਰ ’ਤੇ ਬਹੁਤ ਸਾਰੇ ਡਰਾਮੇ, ਉਲਝਣ ਤੇ ਕਾਮੇਡੀ ਨਾਲ ਭਰਪੂਰ ਹੋਣ ਵਾਲੀ ਹੈ।





ਐਮੀ ਵਿਰਕ ਨੇ ਫ਼ਿਲਮ ਨੂੰ ਲੈ ਕੇ ਕਿਹਾ, ‘‘ਇਹ ਫ਼ਿਲਮ ‘ਓਏ ਮੱਖਣਾ’ ਮੇਰੇ ਦਿਲ ਦੇ ਬੇਹੱਦ ਕਰੀਬ ਹੈ ਤੇ ਮੇਰਾ ਮੰਨਣਾ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਕਿਉਂਕਿ ਦਰਸ਼ਕਾਂ ਦਾ ਸਭ ਤੋਂ ਵਧੀਆ ਮਨੋਰੰਜਨ ਕਰਨ ਲਈ ਸਾਰੇ ਕਲਾਕਾਰਾਂ ਵਲੋਂ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ।’’


ਤਾਨੀਆ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਵੱਖਰੀ ਸ਼ੈਲੀ ਦੀ ਫਿਲਮ ਹੈ ਜੋ ਮੈਂ ਇਸ ਸਮੇਂ ਕਰ ਰਹੀ ਹਾਂ- ਮਜ਼ੇਦਾਰ, ਕਾਮੇਡੀ ਅਤੇ ਡਰਾਮਾ। ਮੈਂ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਕੀਤੀ ਹੈ ਅਤੇ ਇਹ ਪ੍ਰਦਰਸ਼ਨ 'ਤੇ ਆਧਾਰਿਤ ਕਿਰਦਾਰ ਹੈ। ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਕਮਰਸ਼ੀਅਲ ਫ਼ਿਲਮਾਂ ਦਾ ਮੈਂ ਹਿੱਸਾ ਬਣਨਾ ਪਸੰਦ ਕਰਾਂਗੀ, ਸ਼ੂਟ ਵੇਲੇ ਸੈੱਟ 'ਤੇ ਮਸਤੀ ਕਰਨਾ ਹੋਰ ਵੀ ਮਜ਼ੇਦਾਰ ਸੀ।’’


ਫ਼ਿਲਮ ਬਾਕਮਾਲ ਲੇਖਣੀ ਦੇ ਮਾਲਕ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ, ਜੋ ਲਗਾਤਾਰ ਆਪਣੀ ਲੇਖਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਨਿਰਦੇਸ਼ਨ, ਸਿਮਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਮੁਕਲਾਵਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਤੇ ਫ਼ਿਲਮ ਦਾ ਨਿਰਮਾਣ ਯੋਡਲੀ ਫ਼ਿਲਮਜ਼ ਵਲੋਂ ਕੀਤਾ ਗਿਆ ਹੈ।