ਅੰਬਾਲਾ: ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਅੱਜ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਜਿਸ ਤੋਂ ਬਾਅਦ ਦੇਸ਼ ਭਰ ਤੋਂ ਹਾਕੀ ਟੀਮ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਹੜ੍ਹ ਆਇਆ ਹੈ। ਇਸ ਦੌਰਾਨ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਦੀ ਰਾਣੀ ਰਾਮਪਾਲ, ਜੋ ਕਿ ਹਾਕੀ ਟੀਮ ਦੀ ਅਗਵਾਈ ਕਰ ਰਹੇ ਹਨ, ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ।

 

 

ਇਸਦੇ ਨਾਲ ਹੀ ਵਿਜ ਨੇ ਹਰਿਆਣਵੀ ਵਿੱਚ ਟਵੀਟ ਕਰਕੇ ਟੀਮ ਵਿੱਚ ਖੇਡ ਰਹੇ ਹਰਿਆਣਾ ਦੇ ਨੌਂ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਓਲੰਪਿਕ ਵਿੱਚ ਇਤਿਹਾਸ ਰਚਿਆ ਹੈ। ਵਿਜ ਨੇ ਦੱਸਿਆ ਕਿ ਉਨ੍ਹਾਂ ਨੇ ਰਾਣੀ ਰਾਮਪਾਲ ਨਾਲ ਗੱਲ ਕੀਤੀ ਹੈ ਅਤੇ ਟੀਮ ਪੂਰੇ ਜੋਸ਼ ਵਿੱਚ ਹੈ।

 

 

ਵਿਜ ਨੇ ਕਿਹਾ ਕਿ ਰਾਣੀ ਰਾਮਪਾਲ ਨਾਲ ਆਪਣੀ ਗੱਲਬਾਤ ਵਿੱਚ ਜਿੰਨਾ ਵਿਸ਼ਵਾਸ ਉਨ੍ਹਾਂ ਨੇ ਮਹਿਸੂਸ ਕੀਤਾ ਹੈ, ਇਹ ਨਿਸ਼ਚਤ ਹੈ ਕਿ ਉਹ ਟੀਮ ਨੂੰ ਓਲੰਪਿਕ ਦੇ ਅੰਤਿਮ ਪੜਾਅ 'ਤੇ ਜ਼ਰੂਰ ਲੈ ਕੇ ਜਾਣਗੇ। ਹਰਿਆਣਾ ਤੋਂ ਭਾਰਤੀ ਮਹਿਲਾ ਹਾਕੀ ਟੀਮ ਵਿੱਚ 9 ਖਿਡਾਰਨਾਂ ਹਨ। ਅਜਿਹੀ ਸਥਿਤੀ 'ਚ ਅਨਿਲ ਵਿਜ ਨੇ ਕਿਹਾ ਕਿ ਜੇਕਰ ਟੀਮ ਸੋਨ ਤਮਗਾ ਲੈ ਕੇ ਆਉਂਦੀ ਹੈ, ਤਾਂ ਹਰਿਆਣਾ ਦੇ ਸਾਰੇ ਖਿਡਾਰੀਆਂ ਨੂੰ 6 ਕਰੋੜ ਰੁਪਏ ਦੀ  ਦੇਸ਼ 'ਚ ਉੱਚ ਇਨਾਮੀ ਰਾਸ਼ੀ ਅਤੇ ਨੌਕਰੀ ਦਿੱਤੀ ਜਾਵੇਗੀ।

 

ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਵਿੱਚ ਇਤਿਹਾਸ ਸਿਰਜਿਆ ਹੈ। ਭਾਰਤੀ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ।

 

ਦੱਸ ਦਈਏ ਕਿ ਭਾਰਤੀ ਟੀਮ ਨੇ ਆਇਰਲੈਂਡ ਤੇ ਦੱਖਣੀ ਅਫ਼ਰੀਕਾ ਖਿਲਾਫ਼ ਉਪਰੋਥੱਲੀ ਜਿੱਤਾਂ ਦਰਜ ਕਰਕੇ 6 ਅੰਕਾਂ ਨਾਲ ਪੂਲ ਏ ਵਿੱਚ ਚੌਥੀ ਥਾਵੇਂ ਰਹਿੰਦਿਆਂ 41 ਸਾਲਾਂ ਵਿੱਚ ਪਹਿਲੀ ਵਾਰ ਆਖਰੀ ਅੱਠ ਦੇ ਗੇੜ ਵਿੱਚ ਥਾਂ ਬਣਾਈ ਸੀ।

 

ਪੂਲ ਦੀਆਂ ਸਿਖਰਲੀਆਂ ਚਾਰ ਟੀਮਾਂ ਨੌਕਆਊਟ ਗੇੜ ਵਿੱਚ ਪਹੁੰਚੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ’ਚ ਸਰਵੋਤਮ ਪ੍ਰਦਰਸ਼ਨ 1980 ਵਿੱਚ ਰਿਹਾ ਸੀ, ਜਦੋਂ ਛੇ ਟੀਮਾਂ ’ਚੋਂ ਚੌਥੇ ਸਥਾਨ ’ਤੇ ਰਹੀ ਸੀ।