ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਦੱਸਿਆ ਕਿ ਮਨੀਪੁਰ ਦੇ ਥੌਬਲ ਜ਼ਿਲ੍ਹੇ ’ਚ ਪੈਂਦੇ ਨੋਂਗਪੋਸੇਕਮੀ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਥਾਣੇ ਵਜੋਂ ਚੁਣਿਆ ਗਿਆ ਹੈ। ਇਸ ਤੋਂ ਬਾਅਦ ਤਾਮਿਲ ਨਾਡੂ ਦੀ ਸਲੇਮ ਸਿਟੀ ’ਚ ਏਡਬਲਿਊਪੀਸੀ–ਸੁਰਾਮੰਗਲਮ ਥਾਣਾ ਤੇ ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਖਾਰਸਾਂਗ ਥਾਣੇ ਨੂੰ ਚੁਣਿਆ ਗਿਆ ਹੈ।


ਸਾਲ 2020 ਲਈ ਦੇਸ਼ ਦੇ 16,671 ਥਾਣਿਆਂ ਵਿੱਚੋਂ 10 ਚੋਟੀ ਦੇ ਥਾਣੇ ਚੁਣੇ ਗਏ ਹਨ। ਇਨ੍ਹਾਂ ਵਿੱਚ ਛੱਤੀਸਗੜ੍ਹਦੇ ਸੂਰਜਪੁਰ ਝਿਲਮਿਲ (ਭਈਆ ਥਾਣਾ) ਚੌਥੇ ਨੰਬਰ ’ਤੇ ਰਿਹਾ ਹੈ। ਪੰਜਵੇਂ ਨੰਬਰ ’ਤੇ ਗੋਆ ਦਾ ਸੰਗੁਇਮ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦਾ ਕਾਲੀਘਾਟ ਥਾਣਾ ਛੇਵੇਂ ਨੰਬਰ ’ਤੇ ਰਿਹਾ ਹੈ; ਜਦਕਿ ਸਿੱਕਿਮ ’ਚ ਪੂਰਬੀ ਪਾਕਯੋਂਗ ਸੱਤਵੇਂ, ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਕਾਂਠ ਅੱਠਵੇਂ, ਦਾਦਰ ਅਤੇ ਨਗਰ ਹਵੇਲੀ ਦਾ ਖਾਨਵੇਲ ਨੌਂਵੇਂ ਅਤੇ ਤੇਲੰਗਾਨਾ ਦੇ ਕਰੀਮਨਗਰ ਜ਼ਿਲ੍ਹੇ ਦਾ ਜੰਮੀਕੁੰਟਾ ਟਾਊਨ ਥਾਣਾ 10ਵੇਂ ਨੰਬਰ ਉੱਤੇ ਰਿਹਾ ਹੈ।




ਕੇਂਦਰ ਸਰਕਾਰ ਹਰ ਸਾਲ ਬਿਹਤਰ ਕਾਰਗੁਜ਼ਾਰੀ ਵਾਲੇ ਪੁਲਿਸ ਥਾਣੇ ਚੁਣਦੀ ਹੈ; ਤਾਂ ਜੋ ਉਨ੍ਹਾਂ ਦੇ ਕੰਮਕਾਜ ਨੂੰ ਪ੍ਰਭਾਵੀ ਬਣਾਉਣ ਦੀ ਦਿਸ਼ਾ ਵਿੱਚ ਉਤਸ਼ਾਹਿਤ ਕਰਕੇ ਉਨ੍ਹਾਂ ਵਿਚਾਲੇ ਸਿਹਤਮੰਦ ਮੁਕਾਬਲਾ ਵਿਕਸਤ ਕੀਤਾ ਜਾ ਸਕੇ। ਇਨ੍ਹਾਂ ਵਧੀਆ ਪੁਲਿਸ ਥਾਣਿਆਂ ਦਾ ਐਲਾਨ ਡੀਜੀਪੀ ਅਤੇ ਆਈਜੀਪੀ ਦੇ 55ਵੇਂ ਸਾਲਾਨਾ ਸਮਾਰੋਹ ਦੌਰਾਨ ਕੀਤਾ ਗਿਆ। ਕੋਰੋਨਾ ਮਹਾਮਾਰੀ ਕਾਰਣ ਪਹਿਲੀ ਵਾਰ ਇਹ ਸਮਾਰੋਹ ਡਿਜੀਟਲ ਢੰਗ ਨਾਲ ਕੀਤਾ ਜਾ ਰਿਹਾ ਹੈ।




ਦੇਸ਼ ਦੇ ਵਧੀਆ ਪੁਲਿਸ ਥਾਣਿਆਂ ਦੀ ਚੋਣ ਅੰਕੜਿਆਂ ਦੇ ਵਿਸ਼ਲੇਸ਼ਣ, ਸਾਹਮਣੇ ਦਿਸਣ ਵਾਲੇ ਕੰਮਾਂ ਤੇ ਜਨਤਾ ਤੋਂ ਮਿਲੇ ਪ੍ਰਤੀਕਰਮਾਂ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ। ਰੈਂਕਿੰਗ ਲਈ ਸੰਪਤੀ ਸਬੰਧੀ ਅਪਰਾਧ, ਮਹਿਲਾਵਾਂ ਪ੍ਰਤੀ ਅਪਰਾਘ, ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਅਪਰਾਧ ਜਿਹੇ ਮਾਮਲਿਆਂ ’ਚ ਕਾਰਗੁਜ਼ਾਰੀ ਦੇ ਆਧਾਰ ਉੱਤੇ ਵਧੀਆ ਥਾਣਿਆਂ ਦੀ ਚੋਣ ਕੀਤੀ ਜਾਂਦੀ ਹੈ।