Assam Tea: ਭਾਰਤ ਵਿੱਚ ਚਾਹ ਦਾ ਵੱਖਰਾ ਮਹੱਤਵ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਉੱਥੇ ਇੱਕ ਹੀ ਚਾਹ ਹੈ ਜੋ ਤੁਹਾਨੂੰ ਹਰ ਜਗ੍ਹਾ ਮਿਲੇਗੀ। ਹਰ ਕੋਈ ਹਾਰਡ ਚਾਹ ਪੀਣਾ ਚਾਹੁੰਦਾ ਹੈ ਤੇ ਚਾਹ ਦਾ ਪੂਰਾ ਸਵਾਦ ਚਾਹ ਦੀ ਪੱਤੀ ਦੁਆਰਾ ਤੈਅ ਕੀਤਾ ਜਾਂਦਾ ਹੈ। ਅਸਾਮ ਦੇ ਡਿਬਰੂਗੜ੍ਹ ਜ਼ਿਲੇ 'ਚ ਮੰਗਲਵਾਰ ਨੂੰ ਅਜਿਹੀ ਹੀ ਇਕ ਖਾਸ ਚਾਹ ਦੀ ਪੱਤੀ ਦੀ ਨਿਲਾਮੀ 99,999 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੋਈ।
ਇਸ ਚਾਹ ਪੱਤੀ ਦਾ ਨਾਮ ਮਨੋਹਰੀ ਗੋਲਡ
ਗੁਹਾਟੀ ਚਾਹ ਨਿਲਾਮੀ ਕੇਂਦਰ (ਜੀਟੀਏਸੀ) ਦੇ ਸਕੱਤਰ ਪ੍ਰਿਯਨੁਜ ਦੱਤਾ ਨੇ ਕਿਹਾ ਕਿ ਮਨੋਹਰੀ ਟੀ ਗਾਰਡਨ ਨੇ ਸੌਰਭ ਚਾਹ ਵਪਾਰੀਆਂ ਨੂੰ 99,999 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 'ਮਨੋਹਰੀ ਗੋਲਡ' ਚਾਹ ਪੱਤੀਆਂ ਵੇਚੀਆਂ ਹਨ। ਉਨ੍ਹਾਂ ਦੱਸਿਆ ਕਿ 'ਇਹ ਦੇਸ਼ ਵਿੱਚ ਕਿਸੇ ਵੀ ਚਾਹ ਪੱਤੀ ਦੀ ਸਭ ਤੋਂ ਉੱਚੀ ਕੀਮਤ ਹੈ।'
'ਸਿਹਤ ਲਈ ਫਾਇਦੇਮੰਦ'
ਦੂਜੇ ਪਾਸੇ ਮਨੋਹਰੀ ਟੀ ਅਸਟੇਟ ਦੇ ਮਾਲਕ ਰਾਜਨ ਲੋਹੀਆ ਨੇ ਦੱਸਿਆ ਕਿ ‘ਅਸੀਂ ਇਸ ਕਿਸਮ ਦੀ ਪ੍ਰੀਮੀਅਮ ਕੁਆਲਿਟੀ ਦੀ ਵਿਸ਼ੇਸ਼ ਚਾਹ ਪੱਤੀ ਕੁਝ ਖਪਤਕਾਰਾਂ ਅਤੇ ਖਾਸ ਲੋਕਾਂ ਦੀ ਮੰਗ ਦੇ ਆਧਾਰ ’ਤੇ ਤਿਆਰ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਇਹ ਚਾਹ ਪੱਤੀ ਵੇਖਣ ਵਿੱਚ ਚਮਕਦਾਰ ਪੀਲੇ ਰੰਗ ਦੀ ਹੁੰਦੀ ਹੈ ਤੇ ਇਸ ਦਾ ਸਵਾਦ ਅਦਭੁਤ ਹੈ। ਇਸ ਦੇ ਕਈ ਸਿਹਤ ਲਾਭ ਵੀ ਹਨ।
ਇਸ ਤੋਂ ਪਹਿਲਾਂ ਵੀ ਮਨੋਹਰੀ ਗੋਲਡ ਟੀ ਸੁਰਖੀਆਂ 'ਚ ਰਹਿ ਚੁੱਕੀ
ਮਨੋਹਰੀ ਗੋਲਡ ਟੀ ਇਸ ਤੋਂ ਪਹਿਲਾਂ ਵੀ ਸੁਰਖੀਆਂ 'ਚ ਰਹੀ ਹੈ। ਜੁਲਾਈ 2019 ਵਿੱਚ, ਇਸਦੀ ਚਾਹ ਪੱਤੀ 50,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਸੀ, ਜੋ ਉਸ ਸਮੇਂ ਦੇਸ਼ ਵਿੱਚ ਸਭ ਤੋਂ ਮਹਿੰਗੀ ਸੀ।
ਹਾਲਾਂਕਿ ਇਹ ਰਿਕਾਰਡ ਇੱਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ। ਫਿਰ ਅਰੁਣਾਚਲ ਪ੍ਰਦੇਸ਼ ਵਿੱਚ ਡੋਨੀ ਪੋਲੋ ਟੀ ਅਸਟੇਟ ਦੁਆਰਾ ਬਣਾਈ ਗਈ ‘ਗੋਲਡਨ ਨੈਡਲਜ਼ ਟੀ’ ਅਤੇ ਅਸਾਮ ਵਿੱਚ ਡਾਈਕੋਨ ਟੀ ਅਸਟੇਟ ਦੀ ‘ਗੋਲਡਨ ਬਟਰਫਲਾਈ ਟੀ’ ਜੀਟੀਏਸੀ ਦੀਆਂ ਵੱਖ-ਵੱਖ ਨਿਲਾਮੀ ਵਿੱਚ 75,000 ਰੁਪਏ ਪ੍ਰਤੀ ਕਿਲੋ ਵਿੱਚ ਵਿਕੀਆਂ ਸਨ। ਹੁਣ ਇੱਕ ਵਾਰ ਫਿਰ ਮਨੋਹਰੀ ਗੋਲਡ ਨੇ ਉੱਚੀ ਕੀਮਤ ਦਾ ਰਿਕਾਰਡ ਬਣਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :