ਗੁਰਦਾਸਪੁਰ: ਬਟਾਲਾ 'ਚ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਅੱਜ ਦੇਰ ਸ਼ਾਮ ਪਿੰਡ ਬਰਿਆਰ ਵਿਖੇ ਇਕ ਗੁਪਤ ਸੂਚਨਾ ਮਿਲਣ 'ਤੇ ਪੰਜਾਬ ਪੁਲਿਸ ਦੇ ਨਾਲ ਜੋਇੰਟ ਰੈਡ ਕੀਤੀ। ਇਸ ਦੌਰਾਨ ਇਕ ਘਰ 'ਚ ਤਲਾਸ਼ੀ ਲੈਂਦੇ ਹੋਏ ਕਰੀਬ 168 ਬੋਤਲਾਂ, 14 ਪੇਟੀਆਂ ਚੰਡੀਗੜ੍ਹ ਦੀ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਘਰ 'ਚ ਬੋਰੀਆਂ ਵਿੱਚ ਲੁੱਕਾ ਕੇ ਰੱਖੀ ਹੋਈ ਸੀ। ਆਬਕਾਰੀ ਵਿਭਾਗ ਵਲੋਂ ਨਜਾਇਜ਼ ਸ਼ਰਾਬ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਇਕ ਨੌਜਵਾਨ ਦੇ ਖਿਲਾਫ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਕੀਤੀ ਰੇਡ ਦੌਰਾਨ ਗੱਲਬਾਤ ਕਰਦਿਆਂ ਈਟੀਓ ਰਾਜਿੰਦਰ ਤੰਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਰਿਆਰ ਵਿੱਚ ਇਕ ਵਿਅਕਤੀ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਜਿਸ ਤਹਿਤ ਅੱਜ ਉਨ੍ਹਾਂ ਦੀ ਪੂਰੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇਕ ਫਰਜ਼ੀ ਗ੍ਰਾਹਕ ਨੂੰ ਸ਼ਰਾਬ ਖਰੀਦਣ ਲਈ ਇਸ ਵਿਅਕਤੀ ਦੇ ਘਰ ਭੇਜਿਆ। ਇਸ ਦੇ ਤੁਰੰਤ ਬਾਅਦ ਟੀਮ ਨੇ ਛਾਪੇਮਾਰੀ ਕੀਤੀ। ਇਸ ਵਿਅਕਤੀ ਦੇ ਘਰ ਦੇ ਵੱਖ ਵੱਖ ਕਮਰਿਆਂ 'ਚੋਂ ਤੇਲਾਸ਼ੀ ਕਰਨ ਉਪਰੰਤ ਘਰ 'ਚ ਲੁਕਾ ਕੇ ਰੱਖੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਬੋਰੀਆਂ 'ਚੋ ਬਰਾਮਦ ਕੀਤੀਆਂ ਗਈਆਂ।
ਆਬਕਾਰੀ ਵਿਭਾਗ ਦੇ ਅਧਕਾਰੀਆਂ ਨੇ ਦੱਸਿਆ ਕਿ ਸ਼ਰਾਬ ਵੇਚਣ ਨਾਲ ਸਰਕਾਰ ਅਤੇ ਠੇਕੇਦਾਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ ਅਤੇ ਉਕਤ ਵਿਅਕਤੀ ਕਾਫੀ ਸਮੇਂ ਤੋਂ ਇਹ ਕਾਲਾ ਧੰਦਾ ਕਰ ਰਿਹਾ ਸੀ। ਉਥੇ ਹੀ ਸ਼ਰਾਬ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਕਿਸੇ ਰਾਜਨੀਤਿਕ ਸ਼ਹਿ ਦੇ ਚਲਦੇ ਆਪਣੇ ਘਰ 'ਚੋਂ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਸੀ। ਉਥੇ ਹੀ ਅਧਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।